ਪੱਤਰ ਪ੍ਰੇਰਕ
ਹੁਸ਼ਿਆਰਪੁਰ, 25 ਮਈ
ਕਰੋਨਾ ਵਾਇਰਸ ਤੋਂ ਪੀੜਤ ਮਰੀਜ਼ਾਂ ਨੂੰ ਹੁਣ ਆਕਸੀਜਨ ਕੰਸਨਟਰੇਟਰ ਦੀ ਲੋੜ ਪੈਣ ’ਤੇ ਜ਼ਿਲ੍ਹਾ ਪ੍ਰਸ਼ਾਸਨ ਇਹ ਸਹੂਲਤ ਮੁਫ਼ਤ ਪ੍ਰਦਾਨ ਕਰੇਗਾ ਜਿਸ ਦੀ ਸ਼ੁਰੂਆਤ ਅੱਜ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਸਥਾਨਕ ਰੈਡ ਕਰਾਸ ਸੋਸਾਇਟੀ ਕੰਪਲੈਕਸ ਵਿੱਚ ਆਕਸੀਜਨ ਕੰਸਨਟਰੇਟਰ ਬੈਂਕ ਦੀ ਸਥਾਪਤੀ ਨਾਲ ਕੀਤੀ। ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਨ ਫਾਊਂਡੇਸ਼ਨ, ਸਰਬੱਤ ਦਾ ਭਲਾ ਟਰੱਸਟ ਅਤੇ ਹੋਰਨਾਂ ਸੰਸਥਾਵਾਂ ਦੇ ਸਹਿਯੋਗ ਨਾਲ ਇਹ ਉਪਰਾਲਾ ਸ਼ੁਰੂ ਕੀਤਾ ਗਿਆ ਹੈ ਜਿਸ ਤਹਿਤ ਪਹਿਲੇ ਪੜਾਅ ਵਿਚ 33 ਕੰਸਨਟਰੇਟਰ ਮਰੀਜ਼ਾਂ ਦੀ ਸਹੂਲਤ ਲਈ ਰੱਖੇ ਗਏ ਹਨ ਅਤੇ ਆਉਂਦੇ ਦਿਨਾਂ ਵਿਚ ਇਨ੍ਹਾਂ ਦੀ ਗਿਣਤੀ ਹੋਰ ਵਧਾਈ ਜਾਵੇਗੀ। ਡਿਪਟੀ ਕਮਿਸ਼ਨਰ ਨੇ ਆਕਸੀਜਨ ਕੰਸਨਟਰੇਟਰ ਬੈਂਕ ਦੀ ਸ਼ੁਰੂਆਤ ਮੌਕੇ ਦੱਸਿਆ ਕਿ ਮਰੀਜ਼ਾਂ ਨੂੰ ਮੁਫ਼ਤ ਸਹੂਲਤ ਅਤੇ ਇਨ੍ਹਾਂ ਮਸ਼ੀਨਾਂ ਦੀ ਸਹੀ ਵਰਤੋਂ ਨੂੰ ਯਕੀਨੀ ਬਨਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਤਿੰਨ ਮੈਂਬਰੀ ਕਮੇਟੀ ਗਠਿਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਕਮੇਟੀ ਵਿਚ ਸਕੱਤਰ ਰੈਡ ਕਰਾਸ ਸੋਸਾਇਟੀ ਨਰੇਸ਼ ਗੁਪਤਾ ਨੂੰ ਕੋਆਰਡੀਨੇਟਰ ਅਤੇ ਜ਼ਿਲ੍ਹਾ ਸਿਹਤ ਅਤੇ ਪਰਿਵਾਰ ਭਲਾਈ ਅਫ਼ਸਰ ਡਾ. ਸੁਨੀਲ ਅਹੀਰ ਦੇ ਨਾਲ ਸਮਾਜ ਸੇਵਕ ਆਗਿਆਪਾਲ ਸਿੰਘ ਨੂੰ ਮੈਂਬਰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕਮੇਟੀ ਵਲੋਂ ਲੋੜਵੰਦ ਮਰੀਜ਼ਾਂ ਨੂੰ ਇਹ ਕੰਸਨਟਰੇਟਰ 7 ਤੋਂ 10 ਦਿਨ ਜਾਂ ਫਿਰ ਕਮੇਟੀ ਵਲੋਂ ਦਿੱਤੇ ਸਮੇਂ ਤੱਕ ਮੁਫ਼ਤ ਮੁਹੱਈਆ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਕੰਸਨਟਰੇਟਰ ਲਿਜਾਣ ਅਤੇ ਵਾਪਸ ਪੁੱਜਦਾ ਕਰਨ ਦੀ ਸਾਰੀ ਜ਼ਿੰਮੇਵਾਰੀ ਮਰੀਜ਼ ਦੇ ਪਰਿਵਾਰਕ ਮੈਂਬਰਾਂ ਦੀ ਹੋਵੇਗੀ।
ਡੀਸੀ ਵੱਲੋਂ ਆਕਸੀਜਨ ਪਲਾਂਟ ਦਾ ਉਦਘਾਟਨ
ਜਲੰਧਰ (ਨਿੱਜੀ ਪੱਤਰ ਪ੍ਰੇਰਕ): ਜ਼ਿਲ੍ਹਾ ਜਲੰਧਰ ਨੂੰ ਆਕਸੀਜਨ ਦੇ ਉਤਪਾਦਨ ਵਿੱਚ ਆਤਮ ਨਿਰਭਰ ਬਣਾਉਣ ਵੱਲ ਇਕ ਹੋਰ ਕਦਮ ਪੁੱਟਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਨਿਊ ਰੂਬੀ ਹਸਪਤਾਲ ਵਿਚ ਪੀਐੱਸਏ ਤਕਨਾਲੌਜੀ ’ਤੇ ਅਧਾਰਿਤ ਆਕਸੀਜਨ ਪਲਾਂਟ ਦਾ ਉਦਘਾਟਨ ਕੀਤਾ ਗਿਆ। ਇਸ ਪਲਾਂਟ ਵਲੋਂ ਪ੍ਰਤੀ ਮਿੰਟ 500 ਦੀ ਦਰ ਨਾਲ ਆਕਸੀਜਨ ਗੈਸ ਦਾ ਉਤਪਾਦਨ ਕੀਤਾ ਜਾਵੇਗਾ। ਡੀਸੀ ਨੇ ਹੋਰਨਾਂ ਸਿਹਤ ਸੰਭਾਲ ਸੰਸਥਾਵਾਂ ਅਤੇ ਉਦਯੋਗਾਂ ਨੂੰ ਵੀ ਅਪੀਲ ਕੀਤੀ ਕਿ ਆਕਸੀਜਨ ਦੀ ਜ਼ਰੂਰਤ ਨੂੰ ਪੂਰਾ ਕਰਨ ਦੇ ਮੱਦੇਨਜ਼ਰ ਆਪਣੇ- ਆਪਣੇ ਅਦਾਰਿਆਂ ਵਿੱਚ ਅਜਿਹੇ ਪਲਾਂਟ ਲਗਾਉਣ। ਡਾਇਰੈਕਟਰ ਨਿਊ ਰੂਬੀ ਹਸਪਤਾਲ ਡਾ. ਐੱਸਪੀਐੱਸ ਗਰੋਵਰ ਨੇ ਕਿਹਾ ਕਿ ਆਕਸੀਜਨ ਜਨਰੇਸ਼ਨ ਪਲਾਂਟ ਵਲੋਂ 80 ਸਿਲੰਡਰ ਰੋਜ਼ਾਨਾ ਮੁਹੱਈਆ ਕਰਵਾਏ ਜਾਣਗੇ ਜਿਸ ਨਾਲ ਰੋਜ਼ਾਨਾ 80 ਫੀਸਦ ਆਕਸੀਜਨ ਦੀ ਜ਼ਰੂਰਤ ਨੂੰ ਪੂਰਾ ਕੀਤਾ ਜਾ ਸਕੇਗਾ।
ਜਲੰਧਰ ਨੇੜਲੇ ਜ਼ਿਲ੍ਹਿਆਂ ਦੇ ਮਰੀਜ਼ਾਂ ਨੂੰ ਵੀ ਮਿਲਣਗੇ ਆਕਸੀਜਨ ਕੰਸਨਟਰੇਟਰ
ਜਲੰਧਰ (ਨਿੱਜੀ ਪੱਤਰ ਪ੍ਰੇਰਕ): ਕੋਵਿਡ ਮਰੀਜ਼ਾਂ ਵਲੋਂ ਆਕਸੀਜਨ ਦੀ ਘਰ ਵਿੱਚ ਮੰਗ ਨੂੰ ਪੂਰਾ ਕਰਨ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਐਲਾਨ ਕੀਤਾ ਕਿ ਜ਼ਿਲ੍ਹਾ ਜਲੰਧਰ ਵਿਚ ਨੇੜਲੇ ਜ਼ਿਲ੍ਹਿਆਂ ਤੋਂ ਕੋਵਿਡ ਦੇ ਦਾਖ਼ਲ ਮਰੀਜ਼ਾਂ ਨੂੰ ਸਹਾਇਤਾ ਮੁਹੱਈਆ ਕਰਵਾਉਣ ਲਈ ਵਿਸ਼ੇਸ਼ ਪਹਿਲ ਕਰਦਿਆਂ ਆਕਸੀਜਨ ਬੈਂਕ ਦੇ ਦਾਅਰੇ ਨੂੰ ਵਧਾਇਆ ਗਿਆ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਆਕਸੀਜਨ ਕੰਸਨਟਰੇਟਰਜ਼ ਜਲੰਧਰ ਦੇ ਨੇੜਲੇ ਜ਼ਿਲ੍ਹਿਆਂ ਹੁਸ਼ਿਆਰਪੁਰ, ਨਵਾਂਸ਼ਹਿਰ ਅਤੇ ਕਪੂਰਥਲਾ ਦੇ ਕੋਵਿਡ ਮਰੀਜ਼ਾਂ, ਜੋ ਕਿ ਜਲੰਧਰ ਵਿਚ ਦਾਖਲ ਹਨ ਅਤੇ ਹਸਪਤਾਲ ਤੋਂ ਛੁੱਟੀ ਸਮੇਂ ਜਿਨ੍ਹਾਂ ਪਾਸ ਆਕਸੀਜਨ ਦੀ ਜ਼ਰੂਰਤ ਸਬੰਧੀ ਸਲਿੱਪ ਹੋਵੇਗੀ ਉਨ੍ਹਾਂ ਨੂੰ ਮੁਹੱਈਆ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਆਕਸੀਜਨ ਕੰਸਨਟਰੇਟਰਜ਼ ਲੈਣ ਸਮੇਂ ਮਰੀਜ਼ ਦਾ ਸਥਾਨਕ ਪੂਰਾ ਪਤਾ ਹੋਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਰੈੱਡ ਕਰਾਸ ਸੁਸਾਇਟੀ ਵਿਖੇ ਇਕ ਆਕਸੀਜਨ ਕੰਨਸਨਟ੍ਰੇਟਰਜ਼ ਬੈਂਕ ਬਣਾਇਆ ਗਿਆ ਹੈ।