ਮਨਪ੍ਰੀਤ ਸਿੰਘ
ਮਾਨਸਰ, 31 ਅਗਸਤ
ਕਸਬਾ ਮਾਨਸਰ ਵਿੱਚੋਂ ਟੌਲ ਟੈਕਸ ਬਚਾਉਣ ਦੇ ਚੱਕਰ ਵਿੱਚ ਓਵਰਲੋਡ ਭਾਰੀ ਵਾਹਨ ਲੰਘਣ ਕਾਰਨ ਹਾਦਸਿਆਂ ਦਾ ਖ਼ਤਰ ਬਣਿਆ ਹੋਇਆ ਹੈ। ਅੱਜ ਮਾਨਸਰ-ਚਨੌਰ ਸੜਕ ਨੇੜੇ ਰੇਲਵੇ ਫਾਟਕ ਮਾਨਸਰ ’ਤੇ ਰੇਤ ਬੱਜਰੀ ਨਾਲ ਭਰਿਆ ਟਰੱਕ ਖ਼ਰਾਬ ਹੋਣ ਕਰ ਕੇ ਆਵਾਜਾਈ ਠੱਪ ਹੋ ਗਈ। ਇਲਾਕੇ ਦੇ ਲੋਕਾਂ, ਸਕੂਲੀ ਵਿਦਿਆਰਥੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।
ਇਸ ਸਬੰਧੀ ਗੱਲਬਾਤ ਕਰਦੇ ਹੋਏ ਅਨਿਲ ਠਾਕੁਰ, ਸਾਬਕਾ ਸਰਪੰਚ ਤਾਰਾ ਸਿੰਘ, ਵਿਕਰਮ ਸਿੰਘ, ਕਰਮ ਸਿੰਘ, ਦਲਵੀਰ ਸਿੰਘ ਅਤੇ ਹੋਰ ਪਿੰਡ ਵਾਸੀਆਂ ਨੇ ਦੱਸਿਆਂ ਕਿ ਟੌਲ ਟੈਕਸ ਬਚਾਉਣ ਦੇ ਚੱਕਰ ਵਿੱਚ ਮਾਨਸਰ ਵਿੱਚੋਂ ਭਾਰੀ ਵਾਹਨਾਂ ਦਾ ਲੰਘਣਾ ਲਗਾਤਾਰ ਜਾਰੀ ਹੈ। ਅੱਜ ਮਾਨਸਰ-ਚਨੌਰ ਸੜਕ ਨੇੜੇ ਰੇਲਵੇ ਫਾਟਕ ’ਤੇ ਰੇਤ ਬੱਜਰੀ ਨਾਲ ਭਰਿਆ ਟਰੱਕ ਖ਼ਰਾਬ ਹੋ ਗਿਆ। ਇਸ ਕਾਰਨ ਆਵਾਜਾਈ ਠੱਪ ਹੋ ਗਈ ਅਤੇ ਇਲਾਕੇ ਦੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਦੱਸਿਆ ਕਿ ਪਹਿਲੇ ਵੀ ਇੱਕ ਟਰੱਕ ਨੇ ਬਿਜਲੀ ਦਾ ਖੰਭਾ ਤੋੜ ਦਿੱਤਾ ਸੀ ਜਿਸ ਕਰ ਕੇ ਲੋਕਾਂ ਨੂੰ ਬਿਜਲੀ ਦੇ ਕੱਟਾਂ ਦਾ ਸਾਹਮਣਾ ਕਰਨਾ ਪਿਆ ਸੀ। ਉਨ੍ਹਾਂ ਨੇ ਦੱਸਿਆ ਕਿ ਟਰੱਕਾਂ, ਟਿੱਪਰਾਂ ਅਤੇ ਹੋਰ ਵਾਹਨਾਂ ਵਾਲੇ ਟੌਲ ਟੈਕਸ ਬਚਾਉਣ ਦੇ ਚੱਕਰ ਵਿੱਚ ਮਾਨਸਰ-ਚਨੌਰ ਸੰਪਰਕ ਸੜਕ ਰਾਹੀਂ ਲੰਘਦੇ ਹਨ। ਉਨ੍ਹਾਂ ਦੱਸਿਆ ਕਿ ਜਿੱਥੇ ਭਾਰੀ ਓਵਰਲੋਡ ਵਾਹਨਾਂ ਕਰ ਕੇ ਸੜਕਾਂ ਖ਼ਰਾਬ ਹੋ ਰਹੀਆਂ ਹਨ, ਉੱਥੇ ਹੀ ਤੇਜ਼ ਰਫ਼ਤਾਰ ਨਾਲ ਪਿੰਡ ਵਿੱਚੋਂ ਵਾਹਨ ਲੰਘਣ ਕਾਰਨ ਹਾਦਸਿਆਂ ਦਾ ਡਰ ਬਣਿਆ ਰਹਿੰਦਾ ਹੈ। ਉਨ੍ਹਾਂ ਐੱਸਡੀਐੱਮ ਮੁਕੇਰੀਆਂ ਤੇ ਪੁਲੀਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸਿਰਫ਼ ਟੌਲ ਟੈਕਸ ਬਚਾਉਣ ਲਈ ਪਿੰਡ ਵਿੱਚੋਂ ਹੋ ਕੇ ਲੰਘਦੇ ਵੱਡੇ ਤੇ ਭਾਰੀ ਵਾਹਨਾਂ ’ਤੇ ਰੋਕ ਲਗਾਈ ਜਾਵੇ, ਨਹੀਂ ਇਲਾਕੇ ਦੇ ਲੋਕ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ।