ਜੋਗਿੰਦਰ ਕੁੱਲੇਵਾਲ
ਗੜ੍ਹਸ਼ੰਕਰ, 29 ਜੂਨ
ਪੰਜਾਬ ਸਰਕਾਰ ਦੇ ਪਲੇਠੇ ਬਜਟ ਵਿਚ ਪੰਜਾਬ ਦੇ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਜਾਇਜ਼ ਮੰਗ ਅਤੇ ਮੁਲਾਜ਼ਮਾਂ ਦੀਆਂ ਹੋਰ ਵਿੱਤੀ ਮੰਗਾਂ ਸਬੰਧੀ ਕੋਈ ਜ਼ਿਕਰ ਨਾ ਹੋਣ ਦੇ ਵਿਰੋਧ ਵਿਚ ਗੌਰਮਿੰਟ ਟੀਚਰਜ਼ ਯੂਨੀਅਨ ਦੇ ਆਗੂਆਂ ਸ਼ਾਮ ਸੁੰਦਰ, ਕੇਸ਼ਵ ਦੱਤ ਤੇ ਪੁਰਾਣੀ ਪੈਨਸ਼ਨ ਬਹਾਲ ਕਮੇਟੀ ਆਗੂਆਂ ਸੱਤਪਾਲ ਮਿਨਹਾਸ ਤੇ ਨਰਿੰਦਰ ਅਜਨੋਹਾ ਦੀ ਅਗਵਾਈ ਵਿਚ ਸ਼ਹਿਰ ਵਿਚ ਰੋਸ ਮਾਰਚ ਕੀਤਾ ਅਤੇ ਪੰਜਾਬ ਸਰਕਾਰ ਦੇ ਬਜਟ ਦੀਆਂ ਕਾਪੀਆਂ ਸਾੜੀਆਂ ਅਤੇ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਜਨਰਲ ਸਕੱਤਰ ਕੁਲਦੀਪ ਦੌੜਕਾ, ਜ਼ਿਲ੍ਹਾ ਹੁਸ਼ਿਆਰਪੁਰ ਦੇ ਪ੍ਰਧਾਨ ਅਮਨਦੀਪ ਸ਼ਰਮਾ ਤੇ ਪੁਰਾਣੀ ਪੈਨਸ਼ਨ ਬਹਾਲ ਕਮੇਟੀ ਹੁਸ਼ਿਆਰਪੁਰ ਦੇ ਕਨਵੀਨਰ ਸਾਥੀ ਸੰਜੀਵ ਧੂਤ ਤੇ ਹੋਰ ਆਗੂਆਂ ਨੇ ਮੰਗ ਕੀਤੀ ਗਈ ਕਿ 2004 ਤੋਂ ਬਾਅਦ ਭਰਤੀ ਮੁਲਾਜ਼ਮਾਂ ਨੂੰ ਤੁਰੰਤ ਪੁਰਾਣੀ ਪੈਨਸ਼ਨ ਅਧੀਨ ਲਿਆ ਕੇ ਸਰਕਾਰ ਆਪਣਾ ਚੋਣ ਵਾਅਦਾ ਪੂਰਾ ਕਰੇ ਹਰ ਤਰ੍ਹਾਂ ਦੇ ਕੱਚੇ ਕਾਮੇ ਤੁਰੰਤ ਪੱਕੇ ਕੀਤੇ ਜਾਣ ਤੇ ਰੈਗੂਲਰ ਭਰਤੀ ਚਾਲੂ ਕੀਤੀ ਜਾਵੇ। ਇਸ ਸਮੇਂ ਸੁਨੀਲ ਸ਼ਰਮਾ, ਰਾਮ ਜੀ ਦਾਸ ਚੌਹਾਨ, ਪ੍ਰਿਤਪਾਲ ਸਿੰਘ ਸੰਦੀਪ ਬਡੇਸਰੋਂ, ਨਰੇਸ਼ ਕੁਮਾਰ, ਰਾਜ ਕੁਮਾਰ, ਪਵਨ ਗੋਇਲ, ਅਸ਼ਵਨੀ ਰਾਣਾ, ਹਰੀ ਰਾਮ, ਪਰਮਿੰਦਰ ਪੱਖੋਵਾਲ, ਬਲਵੰਤ ਰਾਮ , ਅਨੁਰਾਧਾ ਜੋਸ਼ੀ ਸਗਲੀ ਰਾਮ, ਬਲਵਿੰਦਰ ਸਿੰਘ, ਜਸਵਿੰਦਰ ਸਿੰਘ ਤੇ ਹੋਰ ਸਾਥੀਆਂ ਸੰਬੋਧਨ ਕੀਤਾ।
ਤਰਨ ਤਾਰਨ (ਗੁਰਬਖ਼ਸ਼ਪੁਰੀ): ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ ਵਲੋਂ ਅੱਜ ਇਥੇ ਇਕ ਮੀਟਿੰਗ ਵਿੱਚ ਸੂਬੇ ਦੀ ’ਆਪ’ ਸਰਕਾਰ ਦੇ ਪਲੇਠੇ ਬਜਟ ਨੂੰ ਸਰਕਾਰੀ ਮੁਲਾਜ਼ਮਾਂ ਤੇ ਸੇਵਾਮੁਕਤ ਕਰਮਚਾਰੀਆਂ ਲਈ ਨਿਰਾਸ਼ਾਜਨਕ ਕਰਾਰ ਦਿੱਤਾ| ਜਥੇਬੰਦੀ ਵਲੋਂ ਬਜਟ ਵਿੱਚ ਮੁਲਾਜ਼ਮਾਂ ਦੀਆਂ ਮੰਗਾਂ ਵੱਲ ਬਣਦਾ ਧਿਆਨ ਨਾ ਦੇਣ ਖਿਲਾਫ਼ ਅੱਜ ਇਥੇ ਵਿਖਾਵਾ ਕੀਤਾ ਅਤੇ ਮੁਲਾਜ਼ਮਾਂ ਨੂੰ ਆਪਣੀਆਂ ਮੰਗਾਂ ਲਈ ਸੰਘਰਸ਼ ਦੇ ਰਾਹ ਪੈਣ ਦੀ ਸਲਾਹ ਦਿੱਤੀ| ਇਸ ਮੌਕੇ ਜਥੇਬੰਦੀ ਦੇ ਜਿਲ੍ਹਾ ਪ੍ਰਧਾਨ ਨਛੱਤਰ ਸਿੰਘ ਤੋਂ ਇਲਾਵਾ ਕਰਮਜੀਤ ਸਿੰਘ ਕਲੇਰ, ਅਮਰਦੀਪ ਸ਼ਰਮਾ, ਬਲਵਿੰਦਰ ਸਿੰਘ ਭੁੱਚਰ, ਸੰਦੀਪ ਸਿੰਘ ਪੁਰੀ ਨੇ ਸੰਬੋਧਨ ਕਰਦਿਆਂ ਬਜ਼ਟ ਰਾਹੀਂ ਨਿੱਜੀਕਰਨ ਵਧਾਉਣ ਦਾ ਸੰਕੇਤ ਦੇਣ ਤੇ ਚਿੰਤਾ ਜ਼ਾਹਰ ਕੀਤੀ| ਆਗੂਆਂ ਨੇ ਮੁਲਾਜ਼ਮਾਂ ਦੇ ਕੱਟੇ ਹੋਏ ਭੱਤੇ ਬਹਾਲ ਕਰਨ ਸਬੰਧੀ ਸਰਕਾਰ ਦੇ ਬਜਟ ਵਲੋਂ ਧਾਰੀ ਚੁੱਪੀ ’ਤੇ ਵੀ ਸਵਾਲ ਉਠਾਏ| ਇਕ ਹੋਰ ਸੂਚਨਾ ਅਨੁਸਾਰ ਪੈਨਸ਼ਨਰਜ਼ ਕਨਫੈਡਰੇਸ਼ਨ ਦੀ ਜ਼ਿਲ੍ਹਾ ਇਕਾਈ ਵਲੋਂ ਵੀ ਅੱਜ ਇਥੇ ਕੀਤੀ ਇਕ ਮੀਟਿੰਗ ਵਿੱਚ ਪੰਜਾਬ ਸਰਕਾਰ ਦੇ ਬਜਟ ਨੂੰ ਪੈਨਸ਼ਨਰਾਂ ਨਾਲ ਧਰੋਹ ਕਮਾਉਣ ਵਾਲਾ ਆਖਿਆ| ਮੀਟਿੰਗ ਨੂੰ ਹੋਰਨਾਂ ਤੋਂ ਇਲਾਵਾ ਜੋਧਬੀਰ ਸ਼ਰਮਾ, ਜਗਤਾਰ ਸਿੰਘ ਆਸਲ, ਸਤਨਾਮ ਸਿੰਘ ਝਬਾਲ, ਕੁਲਵੰਤ ਸਿੰਘ ਢੋਟੀਆਂ ਨੇ ਸੰਬੋਧਨ ਕੀਤਾ| ਬੁਲਾਰਿਆਂ ਸਰਕਾਰ ਵਲੋਂ ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਅਨੁਸਾਰ ਪੈਨਸ਼ਨਰਾਂ ਨੂੰ 2.59 ਦੇ ਗੁਣਾਂਕ ਨਾਲ ਆਮ ਮੁਲਾਜ਼ਮਾਂ ਵਾਂਗ ਪੈਨਸ਼ਨ ਦੇਣ ਦੇ ਵਾਅਦੇ ਤੋਂ ਭਗੌੜਾ ਹੋਣ ਲਈ ਰੋਸ ਪ੍ਰਗਟਾਇਆ|