ਗੜ੍ਹਸ਼ੰਕਰ: ਸਥਾਨਕ ਤਹਿਸੀਲ ਦੇ ਨੀਮ ਪਹਾੜੀ ਇਲਾਕੇ ਬੀਤ ਨਾਲ ਲੱਗਦੇ ਹਿਮਾਚਲ ਪ੍ਰਦੇਸ਼ ਦੇ ਪਿੰਡਾਂ ਵਿੱਚ ਲੱਗੀਆਂ ਫੈਕਟਰੀਆਂ ਦੇ ਪ੍ਰਦੂਸ਼ਣ ਅਤੇ ਓਵਰਲੋਡਿਡ ਵਾਹਨਾਂ ਦੇ ਲਾਂਘੇ ਖ਼ਿਲਾਫ਼ ਪਿਛਲੇ ਕਰੀਬ ਇਕ ਮਹੀਨੇ ਤੋਂ ਲੋਕ ਬਚਾਓ ਪਿੰਡ ਬਚਾਓ ਕਮੇਟੀ ਦੀ ਅਗਵਾਈ ਹੇਠ ਲੱਗੇ ਧਰਨੇ ਨੂੰ ਇਲਾਕੇ ਦੀਆਂ ਵੱਖ ਵੱਖ ਜਥੇਬੰਦੀਆਂ ਵੱਲੋਂ ਹਮਾਇਤ ਦਿੱਤੀ ਜਾ ਰਹੀ ਹੈ। ਜਥੇਬੰਦੀਆਂ ਦੇ ਆਗੂ ਧਰਨੇ ਵਿੱਚ ਰੋਜ਼ਾਨਾ ਸ਼ਮੂਲੀਅਤ ਕਰ ਰਹੇ ਹਨ। ਹਿਮਾਚਲ ਅਤੇ ਪੰਜਾਬ ਦੀ ਹੱਦ ’ਤੇ ਪੈਂਦੇ ਪਿੰਡ ਮਹਿੰਦਵਾਣੀ ਵਿਚ ਲੱਗੇ ਇਸ ਧਰਨੇ ਵਿਚ ਸ਼ਮੂਲੀਅਤ ਕਰਨ ਵਾਲੇ ਵਰਕਰਾਂ ਲਈ ਇਲਾਕੇ ਦੇ ਪਿੰਡਾਂ ਤੋਂ ਰੋਟੀ ਅਤੇ ਚਾਹ ਪਾਣੀ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਅੱਜ ਦੇ ਧਰਨੇ ਦੌਰਾਨ ਜਥੇਬੰਦੀਆਂ ਦੇ ਆਗੂ ਪ੍ਰੋ. ਸੰਧੂ ਵਰਿਆਣਵੀ, ਮੱਖਣ ਸਿੰਘ, ਦਰਸ਼ਨ ਸਿੰਘ ਮੱਟੂ, ਗੁਰਨੇਕ ਸਿੰਘ ਭੱਜਲ, ਸ਼ਿੰਗਾਰਾ ਸਿੰਘ ਭੱਜਲ ਆਦਿ ਨੇ ਕਿਹਾ ਕਿ ਲਿੰਕ ਸੜਕਾਂ ਬਰਬਾਦ ਅਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੀਆਂ ਧਿਰਾਂ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਹੈ। -ਪੱਤਰ ਪ੍ਰੇਰਕ