ਜੇ.ਬੀ.ਸੇਖੋਂ
ਗੜ੍ਹਸ਼ੰਕਰ, 18 ਮਈ
ਗੜ੍ਹਸ਼ੰਕਰ ਤਹਿਸੀਲ ਦੇ ਪਿੰਡ ਰਾਮ ਪੁਰ ਬਿਲੜੋਂ ਦੀ ਪੰਚਾਇਤ ਵੱਲੋਂ ਪੰਜਾਬ ਹਿਮਾਚਲ ਪ੍ਰਦੇਸ਼ ਦੀ ਹੱਦ ’ਤੇ ਚਲਦੇ ਕਰੱਸ਼ਰਾਂ ਨੂੰ ਨਾਜਾਇਜ਼ ਰਸਤਾ ਦੇਣ ਦੇ ਮਾਮਲੇ ਦਾ ਨੋਟਿਸ ਲੈਂਦਿਆਂ ਪੰਜਾਬ ਸਰਕਾਰ ਦੇ ਵਾਟਰ ਰਿਸੋਰਸਜ਼, ਮਾਈਨਿੰਗ ਤੇ ਜਿਓਲੋਜੀ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਕ੍ਰਿਸ਼ਨ ਕੁਮਾਰ ਨੇ ਵਿਭਾਗ ਦੇ ਚੀਫ ਇੰਜਨੀਅਰ ਨੂੰ ਇਸ ਮਾਮਲੇ ਦੀ ਜਾਂਚ ਕਰ ਕੇ ਇਸ ਦੀ ਰਿਪੋਰਟ ਸੱਤ ਦਿਨਾਂ ਵਿਚ ਪੇਸ਼ ਕਰਨ ਲਈ ਕਿਹਾ ਹੈ। ਇਸ ਸਬੰਧੀ ਪੱਤਰ ਜਾਰੀ ਕਰਦਿਆਂ ਕ੍ਰਿਸ਼ਨ ਕੁਮਾਰ ਨੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਇਸ ਮਾਮਲੇ ਵਿਚ ਗੜ੍ਹਸ਼ੰਕਰ ਦੇ ਐੱਸਡੀਐੱਮ/ ਤਹਿਸੀਲਦਾਰ ਨੂੰ ਮਾਲ ਮਹਿਕਮੇ ਦਾ ਸਬੰਧਤ ਰਿਕਾਰਡ ਵੀ ਉਪਲਬਧ ਕਰਨ ਦਾ ਆਦੇਸ਼ ਦਿੱਤਾ ਹੈ।
ਦੱਸਣਯੋਗ ਹੈ ਕਿ ਪੰਜਾਬ ਹਿਮਾਚਲ ਦੀ ਹੱਦ ’ਤੇ ਲੱਗੇ ਇਸ ਕਰੱਸ਼ਰ ਨਾਲ ਸ਼ਿਵਾਲਕ ਪਹਾੜਾਂ ਤੇ ਜੰਗਲਾਂ ਦੀ ਤਬਾਹੀ ਹੋ ਰਹੀ ਹੈ ਪਰ ਇਸ ਮਾਮਲੇ ਵਿਚ ਜੰਗਲਾਤ ਵਿਭਾਗ, ਪੰਚਾਇਤ ਵਿਭਾਗ, ਖਣਨ ਵਿਭਾਗ ਅਤੇ ਮਾਲ ਮਹਿਕਮੇ ਦੇ ਉੱਚ ਅਧਿਕਾਰੀ ਭੇਤ-ਭਰੇ ਢੰਗ ਨਾਲ ਚੁੱਪੀ ਧਾਰਨ ਕਰੀ ਬੈਠੇ ਹਨ। ਇਸ ਸਬੰਧੀ ਆਰਟੀਆਈ ਕਾਰਕੁਨ ਪਰਮਿੰਦਰ ਸਿੰਘ ਕਿੱਤਣਾ ਵੱਲੋਂ ਪਿਛਲੇ ਦਿਨੀਂ ਕ੍ਰਿਸ਼ਨ ਕੁਮਾਰ ਨੂੰ ਲਿਖਤੀ ਸ਼ਿਕਾਇਤ ਭੇਜੀ ਗਈ ਸੀ। ਇਸ ਵਿੱਚ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ, ਜੰਗਲਾਤ ਵਿਭਾਗ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਹੋਰ ਸਬੰਧਿਤ ਵਿਭਾਗਾਂ ਵਿੱਚ ਫੈਲੇ ਕਥਿਤ ਭ੍ਰਿਸ਼ਟਾਚਾਰ ਦੇ ਚੱਲਦਿਆਂ ਇਸ ਕਰੱਸ਼ਰ ਨਾਲ ਸ਼ਿਵਾਲਕ ਪਹਾੜਾਂ ਤੇ ਜੰਗਲ ਦੀ ਹੋ ਰਹੀ ਤਬਾਹੀ ਬਾਰੇ ਵੇਰਵੇ ਪੇਸ਼ ਕੀਤੇ ਗਏ ਸਨ। ਇਸ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਪ੍ਰਿੰਸੀਪਲ ਸਕੱਤਰ ਵੱਲੋਂ ਇਸ ਕਰੱਸ਼ਰ ਬਾਰੇ ਮੁਕੰਮਲ ਜਾਂਚ ਦੇ ਆਦੇਸ਼ ਜਾਰੀ ਕੀਤੇ ਹਨ।
ਸ੍ਰੀ ਕਿੱਤਣਾ ਨੇ ਦੱਸਿਆ ਕਿ ਇਸ ਕਰੱਸ਼ਰ ਨਾਲ ਜਿੱਥੇ ਕੁਦਰਤੀ ਧਰੋਹਰ ਦੀ ਬਰਬਾਦੀ ਹੋ ਰਹੀ ਹੈ, ਉੱਥੇ ਹੀ ਦੋਵਾਂ ਸੂਬਿਆਂ ਵਿਚ ਨਸ਼ਿਆਂ ਦੀ ਤਸਕਰੀ ਵੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਮਾਲ ਮਹਿਕਮੇ ਵੱਲੋਂ ਜੰਗਲ ਦਾ ਰਿਕਾਰਡ ਵੀ ਖ਼ੁਰਦ-ਬੁਰਦ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪ੍ਰਿੰਸੀਪਲ ਸਕੱਤਰ ਵੱਲੋਂ ਜਾਰੀ ਕੀਤੇ ਜਾਂਚ ਦੇ ਆਦੇਸ਼ਾਂ ਨਾਲ ਇਸ ਕਰੱਸ਼ਰ ਦਾ ਸੱਚ ਬਾਹਰ ਆ ਜਾਵੇਗਾ।
ਦੱਸਣਯੋਗ ਹੈ ਕਿ 2018 ਵਿੱਚ ਵੀ ਸਬੰਧਿਤ ਪਿੰਡ ਦੀ ਪੰਚਾਇਤ ਵੱਲੋਂ ਇਸੇ ਕਰੱਸ਼ਰ ਨੂੰ ਰਸਤਾ ਦਿੱਤਾ ਗਿਆ ਸੀ ਜਿਸ ਸਬੰਧੀ ‘ਪੰਜਾਬੀ ਟ੍ਰਿਬਿਊਨ’ ਵਿੱਚ ਪ੍ਰਮੁੱਖਤਾ ਨਾਲ ਛਪੀਆਂ ਰਿਪੋਰਟਾਂ ਤੋਂ ਬਾਅਦ ਇਹ ਲਾਂਘਾ ਬੰਦ ਕਰਨਾ ਪਿਆ ਸੀ। ਹੁਣ ਦੁਬਾਰਾ ਪਿਛਲੇ ਕਰੀਬ ਤਿੰਨ ਮਹੀਨੇ ਤੋਂ ਇਹ ਲਾਂਘਾ ਮੁੜ ਚਾਲੂ ਕਰ ਦਿੱਤਾ ਗਿਆ ਹੈ।