ਜਗਜੀਤ ਸਿੰਘ
ਮੁਕੇਰੀਆਂ, 7 ਅਗਸਤ
ਕੰਢੀ ਦੇ ਪਿੰਡਾਂ ਦੀਆਂ ਪੰਚਾਇਤਾਂ ਨਵੇਂ ਠੇਕੇਦਾਰਾਂ ਵੱਲੋਂ ਪਿੰਡ-ਪਿੰਡ ਖੋਲ੍ਹੀਆਂ ਜਾ ਰਹੀਆਂ ਸ਼ਰਾਬ ਦੀਆਂ ਨਾਜਾਇਜ਼ ਬਰਾਂਚਾਂ ਤੋਂ ਦੁਖੀ ਹਨ। ਇਸ ਦੇ ਵਿਰੋਧ ਵਿੱਚ ਪੰਚਾਇਤਾਂ ਨੇ ਮੁੱਖ ਮੰਤਰੀ ਸਮੇਤ ਐੱਸਡੀਐੱਮ ਮੁਕੇਰੀਆਂ ਤੇ ਆਬਕਾਰੀ ਵਿਭਾਗ ਨੂੰ ਲਿਖਤੀ ਸ਼ਿਕਾਇਤਾਂ ਕੀਤੀਆਂ ਹਨ। ਪੰਚਾਇਤਾਂ ਨੂੰ ਖਦਸ਼ਾ ਹੈ ਕਿ ਪਿੰਡ ਪਿੰਡ ਬਰਾਂਚਾਂ ਖੁੱਲ੍ਹਣ ਨਾਲ ਪਿੰਡਾਂ ਵਿੱਚ ਲੜਾਈ-ਝਗੜੇ ਵਧਣਗੇ।
ਇਸ ਸਬੰਧੀ ਸ਼ਸ਼ੀ ਬਾਲਾ ਸਰਪੰਚ ਭਟੋਲੀ, ਪਰਮਜੀਤ ਸਿੰਘ ਸਰਪੰਚ ਨਮੋਲੀ, ਸਰਪੰਚ ਮਹਿੰਦਰ ਕੌਰ ਤੇ ਸੁਮਨ ਰਾਣੀ ਸਰਪੰਚ ਚੱਕਮੀਰਪੁਰ ਨੇ ਦੱਸਿਆ ਕਿ ਸ਼ਰਾਬ ਦੇ ਨਵੇਂ ਠੇਕੇਦਾਰਾਂ ਵੱਲੋਂ ਹਰ ਪਿੰਡ ਵਿੱਚ ਨਾਜਾਇਜ਼ ਬਰਾਂਚਾਂ ਖੋਲ੍ਹੀਆਂ ਜਾ ਰਹੀਆਂ ਹਨ। ਇਸ ਵਿੱਚ ਪਿੰਡਾਂ ਦੇ ਕਈ ਮੋਹਤਬਰਾਂ ਤੇ ਸਿਆਸੀ ਆਗੂਆਂ ਦੀ ਮਿਲੀਭੁਗਤ ਵੀ ਹੈ। ਸ਼ਰਾਬ ਦੇ ਠੇਕੇਦਾਰਾਂ ਵੱਲੋਂ ਪਿੰਡ ਹੰਦਵਾਲ ਅਤੇ ਨਵੇਂ ਘਰਾਂ ਦੀ ਪੰਚਾਇਤ ਦੀ ਹਦੂਦ ਅੰਦਰ ਦੋ ਨਾਜਾਇਜ਼ ਬ੍ਰਾਂਚਾ ਖੋਲ੍ਹ ਦਿੱਤੀਆਂ ਹਨ ਪਰ ਨਾ ਤਾਂ ਇਸ ਬਾਰੇ ਆਬਕਾਰੀ ਵਿਭਾਗ ਅਤੇ ਨਾ ਹੀ ਪੁਲੀਸ ਅਧਿਕਾਰੀ ਕੋਈ ਕਾਰਵਾਈ ਕਰ ਰਹੇ ਹਨ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਐੱਸਡੀਐੱਮ ਮੁਕੇਰੀਆਂ ਨੂੰ ਸ਼ਿਕਾਇਤ ਭੇਜ ਕੇ ਲਿਖਿਆ ਹੈ ਕਿ ਅਜਿਹਾ ਹੋਣ ਨਾਲ ਪਿੰਡਾਂ ਦੀ ਜਵਾਨੀ ਨਸ਼ਿਆਂ ਵਿੱਚ ਗਲਤਾਨ ਹੋਵੇਗੀ ਅਤੇ ਲੜਾਈ ਝਗੜੇ ਵੀ ਵਧਣਗੇ। ਉਨ੍ਹਾਂ ਦੋਸ਼ ਲਾਇਆ ਕਿ ਸ਼ਰਾਬ ਦੇ ਠੇਕੇਦਾਰਾਂ ਵੱਲੋਂ ਇਨ੍ਹਾਂ ਬਰਾਂਚਾਂ ਦੀ ਰਾਖੀ ਲਈ ਸ਼ਰਾਬ ਦੇ ਕਾਰੋਬਾਰੀ 20-25 ਗੁੰਡਿਆਂ ਦੀ ਨਫਰੀ ਪਿੰਡਾਂ ਅੰਦਰ ਵਧਾ ਰਹੇ ਹਨ ਜਿਸ ਨਾਲ ਪਿੰਡਾਂ ਅੰਦਰ ਅਮਨ ਕਾਨੂੰਨ ਦੀ ਸਥਿਤੀ ਭੰਗ ਹੋ ਰਹੀ ਹੈ। ਪੰਚਾਇਤਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਜਾਂ ਪ੍ਰਸ਼ਾਸਨ ਨੇ ਨਾਜਾਇਜ਼ ਬਰਾਂਚਾਂ ਖੋਲ੍ਹਣ ਤੋਂ ਰੋਕਣ ਲਈ ਕੋਈ ਠੋਸ ਕਾਰਵਾਈ ਨਾ ਕੀਤੀ ਤਾਂ ਉਹ ਐੱਸਡੀਐੱਮ ਦਫ਼ਤਰ ਅੱਗੇ ਰੋਸ ਧਰਨਾ ਦੇਣ ਲਈ ਮਜਬੂਰ ਹੋਣਗੇ।
ਆਬਕਾਰੀ ਵਿਭਾਗ ਦੀ ਇੰਸਪੈਕਟਰ ਮਨਜੀਤ ਕੌਰ ਨੇ ਕਿਹਾ ਕਿ ਨਵੀਂ ਨੀਤੀ ਅਨੁਸਾਰ ਠੇਕੇਦਾਰ ਇੱਕ ਸਰਕਲ ਵਿੱਚ 10 ਬਰਾਂਚਾਂ ਹੀ ਖੋਲ੍ਹ ਸਕਦਾ ਹੈ। ਜੇਕਰ ਕੋਈ ਪੰਚਾਇਤ ਵਿਰੋਧ ਕਰਦੀ ਹੈ ਤਾਂ ਠੇਕੇਦਾਰ ਉੱਥੇ ਬਰਾਂਚ ਨਹੀਂ ਖੋਲ੍ਹ ਸਕੇਗਾ। ਉਨ੍ਹਾਂ ਕਿਹਾ ਕਿ ਫਿਲਹਾਲ ਉਨ੍ਹਾਂ ਕੋਲ ਹਾਲੇ ਤੱਕ ਸ਼ਿਕਾਇਤ ਨਹੀਂ ਪੁੱਜੀ, ਜੇਕਰ ਕਿਸੇ ਪੰਚਾਇਤ ਦਾ ਇਤਰਾਜ਼ ਆਇਆ ਤਾਂ ਉਸ ਮੁਤਾਬਕ ਫੈਸਲਾ ਲਿਆ ਜਾਵੇਗਾ।