ਬਲਾਚੌਰ (ਨਿੱਜੀ ਪੱਤਰ ਪ੍ਰੇਰਕ): ਬੀਤੀ 27 ਜੂਨ ਨੂੰ ਬਿਸਤ ਦੁਆਬ ਨਹਿਰ ’ਚ ਪਿੰਡ ਮਹਿਤਪੁਰ ਉਲੱਦਣੀ ਵਿਖੇ ਪਰਵਾਸੀ ਮਜ਼ਦੂਰਾਂ ਦੀਆਂ ਦੋ ਨਾਬਾਲਗ ਲੜਕੀਆਂ ਡੁੱਬ ਗਈਆਂ ਸਨ, ਜਿਸ ਵਿੱਚੋਂ ਪੂਜਾ ਨਾਂ ਦੀ ਇਕ ਲੜਕੀ ਦੀ ਲਾਸ਼ ਪਿੰਡ ਮਹਿਰਮਪੁਰ ਨੇੜੇ ਪਰਿਵਰਕ ਮੈਂਬਰਾਂ ਨੂੰ ਮਿਲ ਗਈ ਹੈ, ਜਦੋਂ ਕਿ ਦੂਜੀ ਲੜਕੀ ਰੂਪਾ ਦੀ ਭਾਲ ਜਾਰੀ ਹੈ। ਲੜਕੀ ਦੇ ਪਿਤਾ ਸੰਤੋਸ਼ ਨੇ ਦੱਸਿਆ ਕਿ ਉਸ ਦੀ ਲੜਕੀ ਪੂਜਾ ਹੋਰ ਲੜਕੀਆਂ ਨਾਲ ਪਿੰਡ ’ਚੋਂ ਲੰਘਦੀ ਨਹਿਰ ਵਿੱਚ ਨਹਾ ਰਹੀਆਂ ਸਨ ਕਿ ਪਾਣੀ ਦਾ ਤੇਜ਼ ਵਹਾਅ ਉਨ੍ਹਾਂ ਨੂੰ ਰੋੜ੍ਹ ਕੇ ਲੈ ਗਿਆ। ਪਰਿਵਾਰਕ ਮੈਂਬਰਾਂ ਵਲੋਂ ਇਲਾਕੇ ਦੇ ਲੋਕਾਂ ਦੀ ਮੱਦਦ ਨਾਲ ਲੜਕੀਆਂ ਦੀ ਭਾਲ ਲਗਾਤਾਰ ਕੀਤੀ ਜਾ ਰਹੀ ਸੀ, ਜਿਸ ’ਤੇ ਪਿੰਡ ਮਹਿਰਮਪੁਰ ਲਾਗੇ ਨਹਿਰ ’ਚ ਡਿੱਗੇ ਇੱਕ ਸਫੈਦੇ ਦੇ ਦਰੱਖਤ ਵਿੱਚ ਕੱਪੜੇ ਫਸੇ ਹੋਏ ਵਿਖਾਈ ਦਿੱਤੇ, ਜਿਸ ’ਤੇ ਉਨ੍ਹਾਂ ਨੇ ਇਹ ਕੱਪੜੇ ਉਸ ਦੀ ਲੜਕੀ ਪੂਜਾ ਦੇ ਹੋਣ ਦਾ ਸ਼ੱਕ ਪ੍ਰਗਟ ਕੀਤਾ। ਇਸ ਦੌਰਾਨ ਲੋਕਾਂ ਦੀ ਮਦਦ ਨਾਲ ਮ੍ਰਿਤਕ ਪੂਜਾ ਨੂੰ ਨਹਿਰ ’ਚੋਂ ਕੱਢ ਲਿਆ ਗਿਆ। ਸਦਰ ਥਾਣਾ ਬਲਾਚੌਰ ਦੀ ਪੁਲਿਸ ਵਲੋਂ ਲਾਸ਼ ਦਾ ਪੋਸਟ ਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ ਅਤੇ ਦੂਜੀ ਲੜਕੀ ਰੂਪਾ ਦੀ ਭਾਲ ਜਾਰੀ ਹੈ।