ਸੁੱਚਾ ਸਿੰਘ ਪਸਨਾਵਾਲ
ਧਾਰੀਵਾਲ, 9 ਅਕਤੂਬਰ
ਇੱਥੋਂ ਨੇੜੇ ਅੱਡਾ ਪਿੰਡ ਸੋਹਲ ਵਿੱਚ ਨੈਸ਼ਨਲ ਹਾਈਵੇ ’ਤੇ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਨੂੰ ਪਿੱਛੋਂ ਆਈ ਨਿੱਜੀ ਕੰਪਨੀ ਦੀ ਤੇਜ਼ ਰਫਤਾਰ ਬੱਸ ਨੇ ਟੱਕਰ ਮਾਰ ਦਿੱਤੀ। ਇਸ ਹਾਦਸੇ ’ਚ ਮੋਟਰਸਾਈਕਲ ਦੇ ਪਿੱਛੇ ਬੈਠੇ ਮੁੱਖਾ (55) ਪੁੱਤਰ ਸਵਰਨ ਸਿੰਘ ਵਾਸੀ ਲੁਧਿਆਣਾ ਮੁਹੱਲਾ ਧਾਰੀਵਾਲ ਦੀ ਮੌਕੇ ’ਤੇ ਮੌਤ ਹੋ ਗਈ ਜਦਕਿ ਮੋਟਰਸਾਇਕਲ ਚਾਲਕ ਸਤਨਾਮ ਸਿੰਘ ਪੁੱਤਰ ਸੋਹਨ ਸਿੰਘ ਵਾਸੀ ਬੇਦੀ ਕਲੋਨੀ ਧਾਰੀਵਾਲ ਗੰਭੀਰ ਜ਼ਖ਼ਮੀ ਹੋ ਗਿਆ। ਹਾਦਸੇ ਦੀ ਸੂਚਨਾ ਮਿਲਦੇ ਹੀ ਥਾਣਾ ਧਾਰੀਵਾਲ ਤੋਂ ਸਹਾਇਕ ਸਬ ਇੰਸਪੈਕਟਰ ਗੁਰਦੀਪ ਸਿੰਘ ਨੇ ਪੁਲੀਸ ਪਾਰਟੀ ਸਮੇਤ ਮੌਕੇ ’ਤੇ ਪਹੁੰਚ ਕੇ ਵਾਹਨਾਂ ਨੂੰ ਕਬਜ਼ੇ ਵਿੱਚ ਲੈ ਲਿਆ ਅਤੇ ਲਾਸ਼ ਨੂੰ ਹਸਪਤਾਲ ਪੋਸਟਮਾਰਟਮ ਲਈ ਭੇਜ ਦਿੱਤਾ। ਮ੍ਰਿਤਕ ਦੇ ਲੜਕੇ ਵਿਸ਼ਾਲ ਨੇ ਪੁਲੀਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਉਸ ਦਾ ਪਿਤਾ ਮੁੱਖਾ ਆਪਣੇ ਦੋਸਤ ਸਤਨਾਮ ਸਿੰਘ ਨਾਲ ਮੋਟਰਸਾਈਕਲ ’ਤੇ ਧਾਰੀਵਾਲ ਤੋਂ ਪਿੰਡ ਸੋਹਲ ਨੂੰ ਜਾ ਰਹੇ ਸਨ। ਉਹ ਅੱਡਾ ਸੋਹਲ ਤੋਂ ਪਿੰਡ ਸੋਹਲ ਨੂੰ ਮੁੜਨ ਲੱਗੇ ਤਾਂ ਇਕ ਨਿੱਜੀ ਕੰਪਨੀ ਦੀ ਤੇਜ਼ ਰਫਤਾਰ ਬੱਸ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ’ਚ ਮੋਟਰਸਾਈਕਲ ਤੋਂ ਹੇਠਾਂ ਡਿੱਗ ਜਾਣ ਨਾਲ ਉਸ ਦੇ ਪਿਤਾ ਮੁੱਖਾ ਦੇ ਉਪਰੋਂ ਦੀ ਬੱਸ ਦਾ ਟਾਇਰ ਲੰਘਣ ਨਾਲ ਉਸ ਦੀ ਮੌਤ ਹੋ ਗਈ ਹੈ ਅਤੇ ਸਤਨਾਮ ਸਿੰਘ ਦੇ ਵੀ ਕਾਫੀ ਸੱਟਾਂ ਲੱਗੀਆਂ ਹਨ। ਥਾਣਾ ਧਾਰੀਵਾਲ ਦੀ ਪੁਲੀਸ ਨੇ ਮ੍ਰਿਤਕ ਦੇ ਲੜਕੇ ਬਿਆਨਾਂ ’ਤੇ ਬੱਸ ਡਰਾਈਵਰ ਅਸ਼ਵਨੀ ਸ਼ਰਮਾ ਪੁੱਤਰ ਉਂਕਾਰ ਨਾਥ ਵਾਸੀ ਹਾਊਸਿੰਗ ਬੋਰਡ ਕਲੋਨੀ ਢਾਂਗੂ ਚੌਕ ਪਠਾਨਕੋਟ ਵਿਰੁੱਧ ਕੇਸ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ।