ਦੀਪਕ ਠਾਕੁਰ
ਤਲਵਾੜਾ, 1 ਸਤੰਬਰ
ਖਣਨ ਵਿਭਾਗ ਨੇ ਹਾਜੀਪੁਰ ਅਤੇ ਤਲਵਾੜਾ ਅਧੀਨ ਚੱਲਦੇ ਡੇਢ ਦਰਜਨ ਦੇ ਕਰੀਬ ਸਟੋਨ ਕਰੱਸ਼ਰਾਂ ਨੂੰ ਕੱਚੇ ਮਾਲ ਦਾ ਸਰੋਤ ਨਾ ਦੱਸਣ ਕਾਰਨ ਸੀਲ ਕਰ ਦਿੱਤਾ ਹੈ। ਖਣਨ ਵਿਭਾਗ ਦੀ ਕਰੱਸ਼ਰਾਂ ਖ਼ਿਲਾਫ਼ ਕਾਰਵਾਈ ਆਪਾ ਵਿਰੋਧੀ ਹੈ। ਇੱਕ ਪਾਸੇ ਖਣਨ ਵਿਭਾਗ ਜ਼ਿਲ੍ਹਾ ਹੁਸ਼ਿਆਰਪੁਰ ’ਚ ਕਰੱਸ਼ਰਾਂ ਨੂੰ ਕੱਚਾ ਮਾਲ ਸਪਲਾਈ ਕਰਨ ਲਈ ਨੋਇਡਾ ਦੀ ਕੰਪਨੀ ਨੂੰ ਨਾਮਜ਼ਦ ਕਰਨ ਦੀ ਗੱਲ ਕਰ ਰਿਹਾ ਹੈ। ਦੂਜੇ ਪਾਸੇ, ਕੱਚੇ ਮਾਲ ਦੇ ਸਰੋਤ ਦੀ ਜਾਣਕਾਰੀ ਕੰਪਨੀ ਦੀ ਬਜਾਇ ਕਰੱਸ਼ਰਾਂ ਤੋਂ ਹਾਸਲ ਕਰਨ ਲਈ ਨੋਟਿਸ ਜਾਰੀ ਕਰ ਰਿਹਾ ਹੈ।
ਇਸ ਸਬੰਧੀ ਸਬ-ਡਿਵੀਜ਼ਨ ਮੁਕੇਰੀਆਂ ਦੇ ਖਣਨ ਅਫ਼ਸਰ ਕਮ ਕਰੱਸ਼ਰ ਇੰਚਾਰਜ ਗਗਨ ਨੇ ਮੰਨਿਆ ਕਿ ਨੋਇਡਾ ਦੀ ਕੰਪਨੀ ਨੇ ਜ਼ਿਲ੍ਹੇ ਦੇ ਕਰੱਸ਼ਰਾਂ ਨੂੰ ਕੱਚਾ ਮਾਲ ਸਪਲਾਈ ਕਰਨ ਦਾ ਸਰਕਾਰੀ ਠੇਕਾ ਲਿਆ ਹੋਇਆ ਹੈ। ਉਨ੍ਹਾਂ ਨੇ ਦੱਸਿਆ ਕਿ ਮੌਨਸੂਨ ਸੀਜਨ ’ਚ ਖਣਨ ’ਤੇ ਰੋਕ ਲੱਗੀ ਹੋਈ ਹੈ। ਬਾਵਜੂਦ ਇਸ ਦੇ ਕੁੱਝ ਕਰੱਸ਼ਰ ਚੱਲ ਰਹੇ ਸਨ, ਜਿਨ੍ਹਾਂ ਨੂੰ ਇੱਕ ਮਹੀਨੇ ਦਾ ਨੋਟਿਸ ਜਾਰੀ ਕਰ ਕੱਚੇ ਮਾਲ ਦੇ ਸਰੋਤ ਦੀ ਜਾਣਕਾਰੀ ਦੇਣ ਲਈ ਕਿਹਾ ਗਿਆ ਸੀ, ਅਜਿਹਾ ਨਾ ਕਰਨ ’ਤੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਸਮੂਹ ਕਰੱਸ਼ਰ ਅਤੇ ਮੁਕੇਰੀਆਂ ਸਬ-ਡਿਵੀਜ਼ਨ ਅਧੀਨ ਆਉਂਦੇ ਬਲਾਕ ਹਾਜੀਪੁਰ ਤੇ ਤਲਵਾੜਾ ਦੇ ਕਰੀਬ 17 ਸਟੋਨ ਕਰੱਸ਼ਰ ਸੀਲ ਕਰ ਕੀਤੇ ਗਏ ਹਨ।
ਉਧਰ, ਕਰੱਸ਼ਰ ਮਾਲਕਾਂ ਨੇ ਨਾਮ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਹੈ ਕਿ ਨੋਇਡਾ ਦੀ ਕੰਪਨੀ ਦੇ ਕਰਿੰਦੇ ਉਨ੍ਹਾਂ ਤੋਂ ਪ੍ਰਤੀ ਫੁੱਟ ਦੇ ਹਿਸਾਬ ਨਾਲ ਗੁੰਡਾ ਪਰਚੀ ਵਸੂਲ ਕਰਦੇ ਹਨ, ਮੂੰਹ ਖੋਲ੍ਹਣ ’ਤੇ ਕਰੱਸ਼ਰਾਂ ਉੱਤੇ ਰੇਡ ਕਰਵਾ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਇਹ ਸਾਰਾ ਕੰਮ ਖਣਨ ਵਿਭਾਗ ਦੀ ਮਿਲੀਭੁਗਤ ਨਾਲ ਹੋ ਰਿਹਾ ਹੈ। ਕਰੱਸ਼ਰ ਮਾਲਕਾਂ ਨੇ ਕਿਹਾ ਕਿ ਗੁੰਡਾ ਪਰਚੀ ਨਾ ਦੇਣ ਕਾਰਨ ਕਰੱਸ਼ਰ ਸੀਲ ਕੀਤੇ ਗਏ ਹਨ।
‘ਖਣਨ ਰੋਕੋ ਜ਼ਮੀਨ ਬਚਾਓ ਸੰਘਰਸ਼ ਕਮੇਟੀ’ ਦੇ ਆਗੂ ਧਰਮਿੰਦਰ ਸਿੰਘ, ਜਸਵੀਰ ਸਿੰਘ ਤੇ ਲਾਡੀ ਟੋਟੇ, ਸ਼ੀਲਾ ਦੇਵੀ ਅਤੇ ਸੁਦੇਸ਼ ਕੁਮਾਰੀ ਆਦਿ ਨੇ ਦੱਸਿਆ ਕਿ ਗੁੰਡਾ ਪਰਚੀ ਕਾਰਨ ਖਣਨ ਸਮੱਗਰੀ ਦੇ ਭਾਅ ਅਸਮਾਨੀ ਚੜ੍ਹ ਗਏ ਹਨ। ਕਰੱਸ਼ਰ ਮਾਲਕਾਂ ਨੇ ਵਾਹੀਯੋਗ ਜ਼ਮੀਨਾਂ ਤਬਾਹ ਕਰ ਦਿੱਤੀਆਂ ਹਨ।