ਨਿੱਜੀ ਪੱਤਰ ਪ੍ਰੇਰਕ
ਜਲੰਧਰ, 14 ਜਨਵਰੀ
ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਨੂੰ ਸਮਰਪਿਤ ਅਤੇ ਮਾਘੀ ਦੇ ਪਵਿੱਤਰ ਦਿਹਾੜੇ ਮੌਕੇ ਨਿਰਮਲ ਕੁਟੀਆ ਸੀਚੇਵਾਲ ਤੋਂ ਅਲੌਕਿਕ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਦੀ ਸ਼ੁਰੂਆਤ ਤੇ ਸਮਾਪਤੀ ਦੌਰਾਨ ਕਿਸਾਨੀ ਘੋਲ ’ਚ ਡਟੇ ਕਿਰਤੀਆਂ ਦੀ ਜਿੱਤ ਲਈ ਅਰਦਾਸ ਕੀਤੀ ਗਈ ਉਥੇ ਪਿੰਡਾਂ ਵਿਚੋਂ ਲੰਘਦਿਆਂ ਵੀ ਘੋਲ ਕਰ ਰਹੇ ਖੇਤਾਂ ਦੇ ਪੁੱਤਾਂ ਨੂੰ ਯਾਦ ਕੀਤਾ ਗਿਆ। ਨਗਰ ਕੀਰਤਨ ਨਿਰਮਲ ਕੁਟੀਆ ਤੋਂ ਸ਼ੁਰੂ ਹੋ ਕੇ ਪਿੰਡ ਚੱਕ ਚੇਲਾ, ਨਿਹਾਲੂਵਾਲ, ਮੁਰੀਦਵਾਲ, ਕਾਸੂਪੁਰ, ਰੂਪੇਵਾਲ, ਰੂਪੇਵਾਲ ਅੱਡਾ, ਮਹਿੰਮੂਵਾਲ ਅਤੇ ਮਾਲੂਪੁਰ ਹੁੰਦਾ ਹੋਇਆ ਮੁੜ ਨਿਰਮਲ ਕੁਟੀਆ ਵਿਖੇ ਪਹੁੰਚ ਕੇ ਸੰਪੰਨ ਹੋਇਆ। ਵੱਖ-ਵੱਖ ਪਿੰਡਾਂ ਵਿੱਚ ਨਗਰ ਕੀਰਤਨ ਦਾ ਫੁੱਲਾਂ ਦੀ ਵਰਖਾ ਕਰਕੇ ਨਿੱਘਾ ਸਵਾਗਤ ਕੀਤਾ ਗਿਆ। ਨਗਰ ਕੀਰਤਨ ਦੌਰਾਨ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਜਿੱਥੇ ਸੰਗਤਾਂ ਨੂੰ ਮਾਘੀ ਦੇ ਇਤਿਹਾਸਕ ਪਿਛੋੜਕ ਬਾਰੇ ਦੱਸਿਆ ਉਥੇ ਉਨ੍ਹਾਂ ਅਪੀਲ ਕੀਤੀ ਕਿ ਖੇਤੀ ਨੂੰ ਲਾਹੇਵੰਦ ਬਣਾਉਣ ਲਈ ਬਾਬੇ ਨਾਨਕ ਵੱਲੋਂ ਦਿੱਤੇ ਕੁਦਰਤੀ ਖੇਤੀ ਦੇ ਫਸਲਫੇ ’ਤੇ ਅਮਲ ਕਰਨ ਦੀ ਵੱਡੀ ਲੋੜ ਹੈ।
40 ਮੁਕਤਿਆਂ ਦੀ ਯਾਦ ਵਿੱਚ ਨਗਰ ਕੀਰਤਨ ਸਜਾਏ
ਚੇਤਨਪੁਰਾ (ਪੱਤਰ ਪੇ੍ਰਕ): ਪਿੰਡ ਤੇੜਾ ਕਲਾਂ ’ਚ ਗੁਰਦੁਆਰਾ ਬਾਬਾ ਜੀਵਨ ਸਿੰਘ ਵਿਖੇ ਮਾਘੀ ਦੇ ਪਵਿੱਤਰ ਦਿਹਾੜੇ ਮੌਕੇ 40 ਮੁਕਤਿਆਂ ਦੀ ਯਾਦ ’ਚ ਵਿਸ਼ਾਲ ਨਗਰ ਕੀਰਤਨ ਸਜਾਏ ਗਏ। ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋ ਕੇ ਪਿੰਡ ਧੁੱਪਸੜੀ ਤੇ ਪੂਰੇ ਪਿੰਡ ਤੇੜਾ ਕਲਾਂ ਦੀ ਪਰਿਕਰਮਾ ਕਰਦਾ ਹੋਇਆ ਸ਼ਾਮ ਵੇਲੇ ਗੁਰਦੁਆਰੇ ਵਿਖੇ ਸਮਾਪਤ ਹੋਇਆ। ਇਸ ਨਗਰ ਕੀਰਤਨ ਦੌਰਾਨ ਭਾਈ ਜਗਤਾਰ ਸਿੰਘ, ਭਾਈ ਸੁਰਜੀਤ ਸਿੰਘ, ਰਤਨ ਸਿੰਘ ਅਤੇ ਦਵਿੰਦਰ ਸਿੰਘ ਵੱਲੋਂ ਕੀਰਤਨ ਅਤੇ ਧਾਰਮਿਕ ਗੀਤ ਭਜਨ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਜਦ ਕਿ ਇਸ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ, ਉਪਰੰਤ ਕਥਾ ਵਾਚਕ ਭਾਈ ਗੁਰਪ੍ਰੀਤ ਸਿੰਘ ਨੇ 40 ਮੁਕਤਿਆਂ ਦੀ ਗਾਥਾ ਸੁਣਾਉਂਦਿਆਂ ਸੰਗਤਾਂ ਨੂੰ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਫ਼ੌਜੀ ਚੰਨਣ ਸਿੰਘ, ਬੀਰ ਸਿੰਘ ਭੱਠੇ ਵਾਲੇ, ਸਰਪੰਚ ਬੀਬੀ ਸਰਬਜੀਤ ਕੌਰ, ਪ੍ਰਧਾਨ ਜਗੀਰ ਸਿੰਘ, ਗੁਲਜ਼ਾਰ ਸਿੰਘ, ਬਲਕਾਰ ਸਿੰਘ, ਪਰੇਮ ਸਿੰਘ, ਪੂਰਨ ਸਿੰਘ, ਮੋਹਿੰਦਰ ਸਿੰਘ, ਸਾਬਕਾ ਪੰਚ ਜਸਵੰਤ ਸਿੰਘ, ਪੰਚ ਕਰਤਾਰ ਸਿੰਘ ਹਾਜ਼ਰ ਸਨ।