ਪੱਤਰ ਪ੍ਰੇਰਕ
ਆਦਮਪੁਰ ਦੋਆਬਾ(ਜਲੰਧਰ), 23 ਅਕਤੂਬਰ
ਧਨਤੇਰਸ ਅਤੇ ਦੀਵੀਲੀ ਦੇ ਮੌਕੇ ਇਥੇ ਅੱਜ ਬਾਜ਼ਾਰਾਂ ਵਿੱਚ ਕਾਫੀ ਰੌਣਕ ਦੇਖਣ ਨੂੰ ਮਿਲੀ। ਜਿਸ ਕਾਰਨ ਦੁਕਾਨਦਾਰ ਕਾਫੀ ਖੁਸ਼ ਨਜ਼ਰ ਆਏ। ਜਲੰਧਰ ਦੇ ਅਟਾਰੀ ਬਾਜ਼ਾਰ, ਰੈਣਕ ਬਾਜ਼ਾਰ, ਪੰਜਪੀਰ ਚੌਕ ਮਾਡਲ ਟਾਉਣ, ਬਾਸਾਂਵਾਲਾ ਬਾਜ਼ਾਰ ਅਤੇ ਹੋਰ ਬਾਜ਼ਾਰਾਂ ਵਿਚ ਕਾਫੀ ਭੀੜ ਦੇਖਣ ਨੂੰ ਮਿਲੀ। ਬਾਜ਼ਾਰਾਂ ਵਿੱਚ ਭੀੜ ਹੋਣ ਕਾਰਨ ਆਵਾਜਾਈ ਵਿੱਚ ਕਾਫੀ ਰੁਕਾਵਟ ਪੈ ਰਹੀ ਹੈ ਪਰ ਜਲੰਧਰ ਪੁਲੀਸ ਦੇ ਕਰਮਚਾਰੀ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਵਾਹਨਾਂ ਨੂੰ ਪਾਰਕਿੰਗ ਵਿੱਚ ਖੜ੍ਹਾ ਕਰਨ ਦੀ ਅਪੀਲ ਕਰ ਰਹੇ ਹਨ। ਰੈਣਕ ਬਾਜ਼ਾਰ ਦੇ ਹਰਕਿਸ਼ਨ ਸਿੰਘ ਨਾਮੀ ਦੁਕਾਨਦਾਰ ਨੇ ਦੱਸਿਆ ਕਿ ਪਿਛਲੇ ਤਿੰਨ ਸਾਲਾਂ ਤੋਂ ਬਾਅਦ ਇਸ ਸਾਲ ਉਨ੍ਹਾਂ ਨੂੰ ਕਾਫੀ ਖਰੀਦਦਾਰ ਮਿਲੇ ਹਨ। ਉਨ੍ਹਾਂ ਦੱਸਿਆ ਕਿ ਇਸ ਵਾਰ ਕਰਵਾਚੌਥ ਤੇ ਹੋਰ ਤਿਉਹਾਰਾਂ ’ਤੇ ਲੋਕ ਬਾਹਰ ਨਿਕਲੇ ਹਨ ਤੇ ਕਾਫੀ ਖਰੀਦਦਾਰੀ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਮਹਿੰਗਾਈ ਹੋਣ ਦੇ ਬਾਵਜੂਦ ਲੋਕ ਤਿਉਹਾਰਾਂ ਨੂੰ ਲੈ ਕੇ ਕਾਫੀ ਉਤਸਾਹਿਤ ਨਜ਼ਰ ਆਏ। ਇਸ ਸਾਲ ਮਠਿਆਈਆਂ ਦੀਆਂ ਦੁਕਾਨਾਂ ਨਾਲੋਂ ਬੇਕਰੀ ਤੇ ਫਲਾਂ ਦੀਆਂ ਦੁਕਾਨਾਂ ’ਤੇ ਕਾਫੀ ਭੀੜ ਹੈ। ਧਨਤੇਰਸ ਮੌਕੇ ਸੁਨਿਆਰੇ ਤੇ ਭਾਂਡਿਆਂ ਦੀਆਂ ਦੁਕਾਨਾਂ ’ਤੇ ਵੀ ਲੋਕਾਂ ਨੇ ਕਾਫੀ ਖਰੀਦਦਾਰੀ ਕੀਤੀ।
ਫਗਵਾੜਾ (ਪੱਤਰ ਪ੍ਰੇਰਕ) ਦੀਵਾਲੀ ਸਬੰਧੀ ਐਤਵਾਰ ਵਾਲੇ ਦਿਨ ਵੀ ਬਾਜ਼ਾਰ ਪੂਰੀ ਤਰ੍ਹਾਂ ਖੁੱਲ੍ਹੇ ਨਜ਼ਰ ਆਏ ਤੇ ਲੋਕਾਂ ਨੇ ਵੀ ਬਾਜ਼ਾਰਾ ’ਚ ਪੁੱਜ ਕੇ ਖਰੀਦਦਾਰੀ ਕੀਤੀ। ਜਿਸ ਨਾਲ ਦੁਕਾਨਦਾਰਾਂ ਦੇ ਚਿਹਰਿਆਂ ’ਤੇ ਖੁਸ਼ੀ ਨਜ਼ਰ ਆਈ। ਫਗਵਾੜਾ ਪੁਲੀਸ ਵੱਲੋਂ ਵੀ ਅੱਜ ਸ਼ਹਿਰ ’ਚ ਚੈਕਿੰਗ ਮੁਹਿੰਮ ਚਲਾਈ ਗਈ ਤੇ ਵੱਖ ਵੱਖ ਬਾਜ਼ਾਰਾ ’ਚ ਫ਼ਲੈਗ ਮਾਰਚ ਕੀਤਾ।
ਥਾਣਾ ਸਿਟੀ ਦੀ ਪੁਲੀਸ ਵੱਲੋਂ ਐੱਸ.ਐਚ.ਓ. ਸਿਟੀ ਦੀ ਅਗਵਾਈ ’ਚ ਬਾਂਸਾ ਬਾਜ਼ਾਰ, ਗੁੜ ਮੰਡੀ, ਝਟਕਈਆਂ ਚੌਕ ਤੇ ਹੋਰ ਬਾਜ਼ਾਰਾਂ ’ਚ ਜਾ ਕੇ ਚੈਕਿੰਗ ਕੀਤੀ ਗਈ। ਇਸ ਮੌਕੇ ਪੁਲੀਸ ਵੱਲੋਂ ਬਾਜ਼ਾਰਾਂ ’ਚ ਦੋ ਮੋਟਰਸਾਈਕਲ ਵੀ ਬਾਊਂਡ ਕੀਤੇ ਗਏ। ਉੱਧਰ, ਅੱਜ ਟ੍ਰੈਫ਼ਿਕ ਪੁਲੀਸ ਦੇ ਕਰਮਚਾਰੀ ਵੀ ਬਾਜ਼ਾਰਾਂ ’ਚ ਘੁੰਮਦੇ ਰਹੇ ਤੇ ਟ੍ਰੈਫ਼ਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਯਤਨ ਕਰਦੇ ਰਹੇ। ਟ੍ਰੈਫ਼ਿਕ ਇੰਚਾਰਜ ਅਮਨ ਕੁਮਾਰ ਨੇ ਖੁਦ ਬਾਜ਼ਾਰਾਂ ਦਾ ਦੌਰਾ ਕੀਤਾ।