ਗੁਰਨੇਕ ਸਿੰਘ ਵਿਰਦੀ
ਕਰਤਾਰਪੁਰ, 28 ਜੁਲਾਈ
ਇਤਿਹਾਸਕ ਨਗਰ ਕਰਤਾਰਪੁਰ ਵਿੱਚ ਉੱਚ ਅਹੁਦਿਆਂ ’ਤੇ ਤਾਇਨਾਤ ਅਧਿਕਾਰੀਆਂ ਲਈ ਰਿਹਾਇਸ਼ ਨਾ ਹੋਣ ਕਾਰਨ ਡਿਊਟੀ ਮਗਰੋਂ ਉਹ ਆਪਣੇ ਘਰਾਂ ਨੂੰ ਜਾਣ ਲਈ ਮਜਬੂਰ ਹੋ ਜਾਂਦੇ ਹਨ। ਇਸ ਕਾਰਨ ਰਾਤ ਸਮੇਂ ਪੁਲੀਸ ਅਧਿਕਾਰੀਆਂ ਤੋਂ ਇਲਾਵਾ ਕੋਈ ਵੀ ਉੱਚ ਅਧਿਕਾਰੀ ਕਰਤਾਰਪੁਰ ਵਿੱਚ ਮੌਜੂਦ ਨਹੀਂ ਹੁੰਦਾ।
ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਵਾਲੇ ਸਰਕਾਰੀ ਹਸਪਤਾਲ ਵਿੱਚ ਤਾਇਨਾਤ ਸੀਨੀਅਰ ਮੈਡੀਕਲ ਅਫ਼ਸਰ ਦੀ ਰਿਹਾਇਸ਼ ਲਈ ਇਮਾਰਤਾਂ ਬਣੀਆਂ ਹਨ ਪਰ ਆਪਣੀ ਮਿਆਦ ਪੁਗਾ ਚੁੱਕੀਆਂ ਇਹ ਇਮਾਰਤਾਂ ਖੰਡਰ ਬਣ ਰਹੀਆਂ ਹਨ ਜਿਸ ਕਾਰਨ ਐੱਸਐੱਮਓ ਰਾਤ ਸਮੇਂ ਇੱਥੇ ਨਹੀਂ ਰੁਕਦੇ ਅਤੇ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਆਪਣੇ ਘਰ ਵਾਪਸ ਜਾਣ ਲਈ ਮਜਬੂਰ ਹੁੰਦੇ ਹਨ।
ਸਬ ਤਹਿਸੀਲ ਵਿੱਚ ਤਾਇਨਾਤ ਨਾਇਬ ਤਹਿਸੀਲਦਾਰ ਦੀ ਨਵੀਂ ਬਣੀ ਇਮਾਰਤ ਦੇ ਨਾਲ ਪਟਵਾਰਖਾਨੇ ਦੀ ਇਮਾਰਤ ਵੀ ਹੈ। ਸਮੇਂ ਦੀਆਂ ਸਰਕਾਰਾਂ ਦੀ ਬੇਰੁਖ਼ੀ ਕਾਰਨ ਆਪਣੀਆਂ ਸੇਵਾਵਾਂ ਨਿਭਾਅ ਰਹੇ ਨਾਇਬ ਤਹਿਸੀਲਦਾਰ ਨੂੰ ਢੁੱਕਵੀਂ ਰਿਹਾਇਸ਼ ਕਰਤਾਰਪੁਰ ਵਿੱਚ ਨਸੀਬ ਨਹੀਂ ਹੋ ਸਕੀ। ਨਗਰ ਕੌਂਸਲ ਕਰਤਾਰਪੁਰ ਵਿੱਚ ਤਾਇਨਾਤ ਕਾਰਜ ਸਾਧਕ ਅਫ਼ਸਰ ਲਈ ਪੱਕੀ ਰਿਹਾਇਸ਼ ਨਾ ਹੋਣ ਕਾਰਨ ਉਹ ਵੀ ਆਪਣੇ ਘਰ ਜਾਣ ਲਈ ਮਜਬੂਰ ਹੁੰਦੇ ਹਨ। ਇਸ ਸਬੰਧੀ ਸੀਨੀਅਰ ਮੈਡੀਕਲ ਅਫ਼ਸਰ ਡਾ ਜਸਵਿੰਦਰ ਸਿੰਘ ਨੇ ਕਿਹਾ ਕਿ ਹਸਪਤਾਲ ਵਿੱਚ ਬਣੀ ਰਿਹਾਇਸ਼ ਨਕਾਰਾ ਹੋ ਜਾਣ ਕਾਰਨ ਰਹਿਣਯੋਗ ਨਹੀਂ ਹੈ।
ਅਫ਼ਸਰਾਂ ਦੀ ਰਿਹਾਇਸ਼ ਪੱਕੇ ਤੌਰ ’ਤੇ ਬਣਾਉਣ ਦੇ ਯਤਨ ਕਰਾਂਗੇ: ਵਿਧਾਇਕ ਬਲਕਾਰ ਸਿੰਘ
ਹਲਕਾ ਕਰਤਾਰਪੁਰ ਦੇ ਵਿਧਾਇਕ ਬਲਕਾਰ ਸਿੰਘ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਵੱਲੋਂ ਇੱਥੇ ਤਾਇਨਾਤ ਅਧਿਕਾਰੀਆਂ ਲਈ ਰਿਹਾਇਸ਼ ਦੇ ਢੁੱਕਵੇਂ ਪ੍ਰਬੰਧ ਨਾ ਕਰਨਾ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਉਹ ਕਰਤਾਰਪੁਰ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਸੀਨੀਅਰ ਮੈਡੀਕਲ ਅਫ਼ਸਰ, ਕਾਰਜ ਸਾਧਕ ਅਫ਼ਸਰ ਅਤੇ ਨਾਇਬ ਤਹਿਸੀਲਦਾਰ ਦੀ ਪੱਕੇ ਤੌਰ ’ਤੇ ਰਿਹਾਇਸ਼ ਬਣਾਉਣ ਲਈ ਹਰ ਸੰਭਵ ਯਤਨ ਕਰਨਗੇ।