ਜਸਬੀਰ ਸਿੰਘ ਚਾਨਾ
ਫਗਵਾੜਾ, 20 ਜੁਲਾਈ
ਫਗਵਾੜਾ ਸ਼ਹਿਰ ਦੀ ਵਾਸੀ ਪੀ.ਸੀ.ਐਸ ਅਧਿਕਾਰੀ ਡਾ. ਨਯੱਨ ਜੱਸਲ ਤੇ ਏ.ਡੀ.ਸੀ. ਕਮ ਨਗਰ ਨਿਗਮ ਕਮਿਸ਼ਨਰ ਲੱਗਣ ਮਗਰੋਂ ਸ਼ਹਿਰ ਦੇ ਲੰਬੇ ਸਮੇਂ ਤੋਂ ਲਟਕ ਰਹੇ ਕੰਮ ਪੂਰੇ ਹੋਣੇ ਸ਼ੁਰੂ ਹੋਏ ਸਨ ਪਰ ਨਿਗਮ ਦੇ 21 ਅਧਿਕਾਰੀਆਂ ਦੀਆਂ ਬਦਲੀਆਂ ਹੋਣ ਕਾਰਨ ਹੁਣ ਨਗਰ ਨਿਗਮ ਦਾ ਕੰਮ ਪ੍ਰਭਾਵਿਤ ਹੋਣ ਲੱਗਾ ਹੈ। ਨਿਗਮ ਦੇ ਕੰਮਾਂ ਨੂੰ ਹੁਣ ਸਿਰਫ਼ ਨਗਰ ਨਿਗਮ ਕਮਿਸ਼ਨਰ ਹੀ ਰਹਿ ਗਏ ਹਨ ਜਦੋਂਕਿ ਦਫ਼ਤਰੀ ਅਧਿਕਾਰੀ ਤੇ ਕਰਮਚਾਰੀ ਬਦਲ ਗਏ ਹਨ। 21 ’ਚੋਂ 13 ਅਧਿਕਾਰੀ ਸਰਕਾਰ ਨੇ ਨਿਯੁਕਤ ਕੀਤੇ ਹਨ ਜਿਨ੍ਹਾਂ ’ਚੋਂ ਸਿਰਫ਼ ਤਿੰਨ ਨੇ ਹੀ ਅਜੇ ਜੁਆਇਨ ਕੀਤਾ ਹੈ ਤੇ ਬਾਕੀ ਅਧਿਕਾਰੀ ਡਿਊਟੀ ’ਤੇ ਹਾਜ਼ਰ ਹੋਣ ਨੂੰ ਤਿਆਰ ਨਹੀਂ।
ਨਵੇਂ ਨਿਯੁਕਤ ਕੀਤੇ 13 ਅਧਿਕਾਰੀਆਂ ’ਚ ਸ਼ਾਮ ਲਾਲ ਗੁਪਤਾ ਨਿਗਰਾਨ ਇੰਜਨੀਅਰ, ਹਰਜੀਤ ਸਿੰਘ ਤੇ ਅਵਤਾਰ ਸਿੰਘ ਬਿਲਡਿੰਗ ਇੰਸਪੈਕਟਰ, ਕਸ਼ਮੀਰ ਸਿੰਘ ਸੈਨੇਟਰੀ ਇੰਸਪੈਕਟਰ, ਦਵਿੰਦਰਪਾਲ ਸਿੰਘ ਜੇ.ਈ., ਦੀਪਕ ਕੁਮਾਰ ਚੀਫ਼ ਸੈਨੇਟਰੀ ਇੰਸਪੈਕਟਰ, ਜੋਬਨਪ੍ਰੀਤ ਧੰਜੂ ਡਰਾਫ਼ਟਮੈਨ, ਵਿਕਾਸ ਦੁਆ ਸਹਾਇਕ ਟਾਊਨ ਪਲਾਨਰ, ਪਰਮਜੋਤ ਸਿੰਘ ਸਹਾਇਕ ਕਾਰਪੋਰੇਸ਼ਨ ਇੰਜਨੀਅਰ (ਸਿਵਲ), ਸ਼ਾਂਤੀ ਸਰੂਪ ਤੇ ਰਾਜਪਾਲ ਸਿੰਗਲਾ ਕਾਰਪੋਰੇਸ਼ਨ ਇੰਜਨੀਅਰ (ਸਿਵਲ), ਗੁਰਮੇਲ ਸਿੰਘ ਤੇ ਮੁਕਲ ਕੇਸਰ ਸੂਪਰਡੈਂਟ ਸ਼ਾਮਲ ਹਨ। ਫਗਵਾੜਾ ਤੋਂ ਸਤੀਸ਼ ਕੁਮਾਰ ਸੈਣੀ ਤੇ ਨਰੇਸ਼ ਬੱਤਾ ਨਿਗਰਾਨ ਅਫ਼ਸਰ, ਲਖਵੀਰ ਸਿੰਘ ਮਿਊਸੀਪਲ ਟਾਊਨ ਪਲਾਨਰ, ਅਨੀਸ਼ ਬਾਂਸਲ ਸਕੱਤਰ, ਸੁਰਿੰਦਰ ਕੁਮਾਰ ਫ਼ਾਇਰ ਸਟੇਸ਼ਨ ਅਫ਼ਸਰ, ਪ੍ਰਦੀਪ ਸਹਿਗਲ ਸਹਾਇਕ ਟਾਊਨ ਪਲਾਨਰ, ਬਲਜਿੰਦਰ ਸਿੰਘ ਸਹਾਇਕ ਕਾਰਪੋਰੇਸ਼ਨ ਇੰਜੀਨੀਅਰ, ਬਲਰਾਜ ਸਿੰਘ ਸਹਾਇਕ ਕਾਰਪੋਰੇਸ਼ਨ ਇੰਜ., ਪੰਕਜ ਕੁਮਾਰ ਸਹਾਇਕ ਕਾਰਪੋਰੇਸ਼ਨ ਇੰਜ.(ਸਿਵਲ), ਗੁਰਿੰਦਰ ਸੰਘ ਚੀਫ਼ ਸੈਨੇਟਰੀ ਇੰਸਪੈਕਟਰ, ਅਸ਼ੋਕ ਕੁਮਾਰ ਤੇ ਕੁਲਵਿੰਦਰ ਸਿੰਘ ਸੂਪਰਡੈਂਟ, ਗੋਰਵ ਠਾਕੁਰ, ਕਿਰਨਦੀਪ ਸਿੰਘ, ਗਗਨਦੀਪ ਸ਼ਰਮਾ ਬਿਲਡਿੰਗ ਇੰਸਪੈਕਟਰ, ਰਮੇਸ਼ਵਰ ਸਿੰਘ ਡਰਾਫ਼ਟਮੈਨ, ਜਤਿੰਦਰਪਾਲ ਸਿੰਘ, ਹੇਮ ਰਾਜ, ਤਰਵਿੰਦਰ ਰਾਮ, ਸਤਪਾਲ ਸੈਨੇਟਰੀ ਇੰਸਪੈਕਟਰ ਅਤੇ ਨਵਦੀਪ ਬੇਦੀ ਜੇ.ਈ ਨੂੰ ਫਗਵਾੜਾ ਤੋਂ ਫਾਰਗ ਕੀਤਾ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਫਗਵਾੜਾ ਦੀ ਨਗਰ ਨਿਗਮ ਇੱਕ ਛੋਟੀ ਨਿਗਮ ਹੋਣ ਕਾਰਨ ਵੱਡੀਆਂ ਥਾਵਾਂ ਤੋਂ ਬਦਲ ਕੇ ਆਏ ਅਧਿਕਾਰੀ ਇਥੇ ਅਜੇ ਕੰਮ ਕਰਨ ਨੂੰ ਤਿਆਰ ਨਹੀਂ ਜਿਸ ਕਾਰਨ ਉਹ ਡਿਊਟੀਆਂ ’ਤੇ ਹਾਜ਼ਰ ਨਹੀਂ ਹੋ ਰਹੇ।