ਪੱਤਰ ਪ੍ਰੇਰਕ
ਮੁਕੇਰੀਆਂ, 30 ਅਕਤੂਬਰ
ਧੰਨ-ਧੰਨ ਬਾਬਾ ਮੰਝ ਅਤੇ ਸ਼ਹੀਦ ਬਾਬਾ ਤਾਰਾ ਸਿੰਘ ਸਪੋਰਟਸ ਕਲੱਬ ਮੰਝਪੁਰ ਵੱਲੋਂ ਗ੍ਰਾਮ ਪੰਚਾਇਤ ਅਤੇ ਐੱਨਆਰਆਈ ਵੀਰਾਂ ਦੇ ਸਹਿਯੋਗ ਨਾਲ ਕਰਵਾਏ ਗਏ ਕਬੱਡੀ ਟੂਰਨਾਮੈਂਟ ਦਾ ਫਾਈਨਲ ਮੈਚ ਐੱਨਆਰਆਈ ਕਬੱਡੀ ਕਲੱਬ ਨਕੋਦਰ ਨੇ ਜਿੱਤ ਲਿਆ ਹੈ। ਇਸ ਮੌਕੇ ਬੈਸਟ ਰੇਡਰ ਹਨੀ ਪੰਡਿਤ ਤੇ ਜੱਸਾ ਭਾਨਾ ਅਤੇ ਬੈਸਟ ਜਾਫੀ ਚਿਰਾਗਦੀਨ, ਸੱਤੂ ਸ਼ੇਰਪੁਰ ਅਤੇ ਕਾਲਾ ਭਾਊ ਨੂੰ ਐਲਾਨਿਆ ਗਿਆ। ਟੂਰਨਾਮੈਂਟ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਜੰਗਵੀਰ ਸਿੰਘ ਚੌਹਾਨ, ਹਰਬੰਸ ਸਿੰਘ ਮੰਝਪੁਰ, ਅਮਰਜੀਤ ਸਿੰਘ ਢਾਡੇਕਟਵਾਲ, ਪ੍ਰੋ. ਜੀਐੱਸ ਮੁਲਤਾਨੀ, ਸੁਲੱਖਣ ਸਿੰਘ ਜੱਗੀ, ਸ਼ਾਮ ਸਿੰਘ ਸ਼ਾਮਾ, ਅਮਰਜੀਤ ਸਿੰਘ ਛੰਨੀ, ਮੰਗਜੀਤ ਸਿੰਘ ਗੰਭੋਵਾਲ ਅਤੇ ਅਵਤਾਰ ਸਿੰਘ ਬੌਬੀ ਨੇ ਸ਼ਿਰਕਤ ਕੀਤੀ। ਕਲੱਬ ਦੇ ਸਰਪ੍ਰਸਤ ਹਰਦੀਪ ਸਿੰਘ ਤੇ ਪ੍ਰਧਾਨ ਤੀਰਥ ਸਿੰਘ ਦੀ ਅਗਵਾਈ ਵਿੱਚ ਹੋਏ ਇਨ੍ਹਾਂ ਮੁਕਾਬਲਿਆਂ ਦੌਰਾਨ ਪਹਿਲਾ ਸੈਮੀ-ਫਾਈਨਲ ਐੱਨਆਰਆਈ ਕਬੱਡੀ ਕਲੱਬ ਨਕੋਦਰ ਅਤੇ ਏਵੀਆਰ ਕਬੱਡੀ ਕਲੱਬ ਸਰੀ ਸ਼ਾਮਚੁਰਾਸੀ ਦਰਮਿਆਨ ਹੋਇਆ, ਜਿਸ ਵਿੱਚੋਂ ਨਕੋਦਰ ਦੀ ਟੀਮ ਜੇਤੂ ਰਹੀ। ਦੂਜਾ ਸੈਮੀ-ਫਾਈਨਲ ਮਹਾਵੀਰ ਕਬੱਡੀ ਕਲੱਬ ਅਠਵਾਲ ਅਤੇ ਬੀਬੀ ਸੁੰਦਰੀ ਕਬੱਡੀ ਕਲੱਬ ਯੂਐੱਸਏ ਦਰਮਿਆਨ ਹੋਇਆ, ਜਿਸ ’ਚੋਂ ਮਹਾਵੀਰ ਕਬੱਡੀ ਕਲੱਬ ਜੇਤੂ ਰਿਹਾ। ਫਾਈਨਲ ਮੁਕਾਬਲਾ ਐੱਨਆਰਆਈ ਕਬੱਡੀ ਕਲੱਬ ਨਕੋਦਰ ਅਤੇ ਮਹਾਵੀਰ ਕਬੱਡੀ ਕਲੱਬ ਅਠਵਾਲ ਦਰਮਿਆਨ ਹੋਇਆ, ਜਿਸ ਵਿਚੋਂ ਐੱਨਆਰਆਈ ਕਬੱਡੀ ਕਲੱਬ ਜੇਤੂ ਰਿਹਾ। ਜੇਤੂ ਟੀਮ ਨੂੰ ਪ੍ਰਬੰਧਕਾਂ ਵੱਲੋਂ 1 ਲੱਖ ਰੁਪਏ ਦਾ ਇਨਾਮ ਤੇ ਟਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ, ਜਦੋਂ ਕਿ ਦੂਜੇ ਨੰਬਰ ’ਤੇ ਰਹੀ ਮਹਾਵੀਰ ਕਬੱਡੀ ਕਲੱਬ ਦੀ ਟੀਮ ਨੂੰ 71,000 ਰੁਪਏ ਅਤੇ ਟਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬੈਸਟ ਰੇਡਰ ਐਲਾਨੇ ਹੰਨੀ ਪੰਡਿਤ ਤੇ ਜੱਸਾ ਭਾਨਾ ਨੂੰ 21,000 ਰੁਪਏ ਅਤੇ ਬੈਸਟ ਜਾਫੀ ਚਿਰਾਗਦੀਨ, ਸੱਤੂ ਸ਼ੇਰਪੁਰ ਅਤੇ ਕਾਲਾ ਭਾਊ ਨੂੰ ਸਾਂਝੇ ਤੌਰ ’ਤੇ 21,000 ਰੁਪਏ ਇਨਾਮ ਦਿੱਤਾ ਗਿਆ।