ਨਿੱਜੀ ਪੱਤਰ ਪ੍ਰੇਰਕ
ਜਲੰਧਰ, 6 ਅਪਰੈਲ
ਵਧੀਕ ਡਿਪਟੀ ਕਮਿਸ਼ਨਰ (ਜ) ਅਮਰਜੀਤ ਬੈਂਸ ਨੇ ਅੱਜ ਦੱਸਿਆ ਕਿ ਲੋਕਾਂ ਦੀ ਸਹੂਲਤ ਲਈ ਜ਼ਿਲ੍ਹੇ ਵਿਚਲੇ ਸੇਵਾ ਕੇਂਦਰਾਂ ਦੇ ਕੰਮ-ਕਾਜ ਅਤੇ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਅਨੁਸਾਰ 7 ਅਪਰੈਲ ਤੋਂ 7 ਮਈ ਤੱਕ ਸੇਵਾ ਕੇਂਦਰ ਹਫ਼ਤੇ ਦੇ ਸੱਤੇ ਦਿਨ ਖੁੱਲ੍ਹੇ ਰਹਿਣਗੇ। ਉਨ੍ਹਾਂ ਦੱਸਿਆ ਕਿ ਸੇਵਾ ਕੇਂਦਰਾਂ ਵਿੱਚ ਲੋਕਾਂ ਦੀ ਵੱਡੀ ਗਿਣਤੀ ਵਿੱਚ ਆਮਦ ਅਤੇ ਉਨ੍ਹਾਂ ਨੂੰ ਕਾਰਗਰ ਢੰਗ ਨਾਲ ਸੇਵਾਵਾਂ ਮੁਹੱਈਆ ਕਰਵਾਉਣ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ। ਇਸ ਤਹਿਤ ਸੇਵਾ ਕੇਂਦਰ ਵਿੱਚ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦਿਨਾਂ ਦੌਰਾਨ ਸੇਵਾ ਕੇਂਦਰਾਂ ਵਿੱਚ ਸਵੇਰੇ 10 ਵਜੇ ਤੋਂ 4 ਵਜੇ ਤੱਕ ਸਮੁੱਚੇ ਕਾਊਂਟਰ ਕਾਰਜਸ਼ੀਲ ਰਹਿਣਗੇ ਜਦਕਿ ਸਵੇਰੇ 8 ਤੋਂ 10 ਵਜੇ ਤੱਕ ਅਤੇ ਸ਼ਾਮ 4 ਵਜੇ ਤੋਂ 6 ਵਜੇ ਤੱਕ 50 ਫੀਸਦੀ ਕਾਊਂਟਰ ਕਾਰਜਸ਼ੀਲ ਹੋਣਗੇ। ਉਨ੍ਹਾਂ ਦੱਸਿਆ ਕਿ ਸ਼ਨਿਚਰਵਾਰ ਤੇ ਐਤਵਾਰ ਨੂੰ ਸਵੇਰੇ 8 ਤੋਂ ਸ਼ਾਮ 4 ਵਜੇ ਤੱਕ ਸੇਵਾ ਕੇਂਦਰ ਖੁੱਲ੍ਹੇ ਰਹਿਣਗੇ ਅਤੇ ਇਨ੍ਹਾਂ ਦੋ ਦਿਨਾਂ ਦੌਰਾਨ 50 ਫੀਸਦੀ ਕਾਊਂਟਰਾਂ ਰਾਹੀਂ ਸੇਵਾਵਾਂ ਦਿੱਤੀਆਂ ਜਾਣਗੀਆਂ।