ਨਿੱਜੀ ਪੱਤਰ ਪ੍ਰੇਰਕ
ਜਲੰਧਰ, 30 ਸਤੰਬਰ
ਕਾਲਾ ਸੰਘਿਆ ਡਰੇਨ ਵਿੱਚ ਪਿਛਲੇ ਕਈ ਸਾਲਾਂ ਤੋਂ ਫੈਕਟਰੀਆਂ ਅਤੇ ਜਲੰਧਰ ਸ਼ਹਿਰ ਦੇ ਪੈ ਰਹੇ ਗੰਦੇ ਤੇ ਜ਼ਹਿਰੀਲੇ ਪਾਣੀ ਦੇ ਹੱਲ ਨੂੰ ਲੈ ਕੇ ਰਾਜ ਸਭਾ ਮੈਂਬਰ ਤੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਤੇ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਦੌਰਾ ਕੀਤਾ। ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਕਾਲਾ ਸੰਘਿਆ ਡਰੇਨ ਵਿੱਚ ਗ਼ੈਰਕਾਨੂੰਨੀ ਤੌਰ ’ਤੇ ਪੈ ਰਹੇ ਰਸਾਇਣਾਂ ਵਾਲੇ ਗੰਦੇ ਪਾਣੀ ਅਤੇ ਡਰੇਨ ਨੇੜੇ ਚਮੜੇ ਦੀ ਰਹਿੰਦ-ਖੂੰਹਦ ਦਾ ਸਖ਼ਤ ਨੋਟਿਸ ਲੈਂਦਿਆਂ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਕਿ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤੀ ਨਾਲ ਨਜਿੱਠਿਆ ਜਾਵੇ। ਰਾਜ ਸਭਾ ਮੈਂਬਰ ਸੰਤ ਸੀਚੇਵਾਲ ਨੇ ਡਿਪਟੀ ਕਮਿਸ਼ਨਰ ਨੂੰ ਦੱਸਿਆ ਕਿ ਡਰੇਨ ਵਿੱਚ ਵੱਗਦੇ ਜ਼ਹਿਰੀਲੇ ਪਾਣੀ ਕਾਰਨ ਲੋਕ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ।
ਜ਼ਿਕਰਯੋਗ ਹੈ ਕਿ ਸਾਲ 2014 ਵਿੱਚ ਬਸਤੀ ਪੀਰਦਾਦ ਵਿੱਚ 50 ਐਮਐਲਡੀ ਦਾ ਟਰੀਟਮੈਂਟ ਪਲਾਂਟ ਲੱਗਾ ਸੀ। ਇਸ ਦੀ ਮਿਆਦ 2025 ਤੱਕ ਸੀ ਪਰ ਇਹ ਪਲਾਂਟ ਸਾਲ 2016 ਵਿੱਚ ਹੀ ਫੇਲ੍ਹ ਹੋ ਗਿਆ ਸੀ। ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਬਣਾਈ ਗਈ ਨਿਗਰਾਨ ਕਮੇਟੀ ਵੱਲੋਂ ਵੀ ਜਿਹੜੀਆਂ ਹਦਾਇਤਾਂ ਕੀਤੀਆਂ ਗਈਆਂ ਹਨ ਉਸ ’ਤੇ ਅਮਲ ਨਹੀਂ ਕੀਤਾ ਜਾ ਰਿਹਾ ਹੈ। ਸੰਤ ਸੀਚੇਵਾਲ ਨੇ ਕਿਹਾ ਕਿ ਕਾਲਾ ਸੰਘਿਆ ਡਰੇਨ ਦੀ ਸਮੱਸਿਆ ਨੂੰ ਖਤਮ ਕਰਨ ਲਈ ਪਹਿਲ ਦੇ ਆਧਾਰ ’ਤੇ ਪੀਣ ਵਾਲੇ ਪਾਣੀ ਦੀ ਸਪਲਾਈ 135 ਲਿਟਰ ਪ੍ਰਤੀ ਵਿਅਕਤੀ ਪ੍ਰਤੀ ਦਿਨ ਦੇ ਹਿਸਾਬ ਨਾਲ ਕੀਤੀ ਜਾਵੇ। ਫੈਕਟਰੀਆਂ ਦਾ ਜ਼ਹਿਰੀਲਾ ਪਾਣੀ ਬਸਤੀ ਪੀਰ ਦਾਦ ਦੇ ਪਲਾਂਟ ਵਿੱਚ ਨਾ ਪਾਇਆ ਜਾਵੇ। ਡਰੇਨ ਵਿੱਚ ਅਲਾਵਲ ਪੁਰ ਤੋਂ 10 ਐਮਐਲਡੀ ਸਾਫ਼ ਪਾਣੀ ਛੱਡਿਆ ਜਾਵੇ। ਟਰੀਟਮੈਂਟ ਦਾ ਸੋਧਿਆ ਪਾਣੀ ਖੇਤੀ ਲਈ ਵਰਤਣ ਵਾਸਤੇ ਪਾਇਪ ਲਾਈਨ ਪਾਈ ਜਾਵੇ।