ਜਲੰਧਰ(ਪਾਲ ਸਿੰਘ ਨੌਲੀ): ਬਦੀ ’ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦਸਹਿਰਾ ਸ਼ਹਿਰ ਵਿੱਚ 33 ਥਾਵਾਂ ’ਤੇ ਰਾਵਣ, ਮੇਘਨਾਥ ਤੇ ਕੁੰਭਕਰਨ ਦੇ ਪੁਤਲਿਆਂ ਨੂੰ ਅਗਨ ਭੇਟ ਕਰਕੇ ਮਨਾਇਆ ਗਿਆ। ਭੀੜ ਭੜੱਕੇ ਵਿੱਚ ਕਿਤੇ ਵੀ ਕਰੋਨਾ ਦੀਆਂ ਹਦਾਇਤਾਂ ਦੀ ਪਾਲਣਾ ਨਹੀਂ ਹੋਈ। ਪੁਲੀਸ ਨੇ ਦਸਹਿਰੇ ਦੇ ਪੁਰਬ ਨੂੰ ਸਹੀ-ਸਲਾਮਤ ਮਨਾਉਣ ਲਈ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਹੋਏ ਸਨ। ਇਸ ਵਾਰ ਰਾਵਣ ਦੇ ਦਿਓ-ਕੱਦ ਪੁਤਲਿਆਂ ਨੂੰ ਬੜੇ ਨਿਵੇਕਲੇ ਢੰਗ ਨਾਲ ਬਣਾਇਆ ਗਿਆ ਸੀ। ਕੈਬਨਿਟ ਮੰਤਰੀ ਪਰਗਟ ਸਿੰਘ, ਜਲੰਧਰ ਲੋਕ ਸਭਾ ਹਲਕੇ ਦੇ ਐੱਮਪੀ ਚੌਧਰੀ ਸੰਤੋਖ ਸਿੰਘ, ਵਿਧਾਇਕ ਰਜਿੰਦਰ ਬੇਰੀ, ਸੁਸ਼ੀਲ ਰਿੰਕੂ, ਬਾਵਾ ਹੈਨਰੀ ਅਤੇ ਚੌਧਰੀ ਸੁਰਿੰਦਰ ਸਿੰਘ ਨੇ ਵੱਖ-ਵੱਖ ਥਾਵਾਂ ’ਤੇ ਦਸਹਿਰੇ ਦੇ ਮਨਾਏ ਗਏ ਪ੍ਰੋਗਰਾਮਾਂ ਵਿਚ ਹਿੱਸਾ ਲਿਆ। ਇਥੋਂ ਦੀ ਪੁੱਡਾ ਮਾਰਕੀਟ, ਆਦਰਸ਼ ਨਗਰ, ਮਾਡਲ ਹਾਊਸ, ਢੰਨ ਮੁਹੱਲਾ, ਘਾਹ ਮੰਡੀ, ਬਸਤੀ ਪੀਰਦਾਦ ਰੋਡ ਤੇ ਜਲੰਧਰ ਛਾਉਣੀ ਦੀ ਦਸਹਿਰਾ ਗਰਾਊਂਡ ਸਮੇਤ ਹੋਰ ਥਾਵਾਂ ’ਤੇ ਦਸਹਿਰਾ ਬੜੀ ਧੂਮਧਾਮ ਨਾਲ ਮਨਾਇਆ ਗਿਆ।
ਫਗਵਾੜਾ ਵਿੱਚ ਸ਼ਰਧਾ ਨਾਲ ਮਨਾਇਆ ਦਸਹਿਰਾ
ਫਗਵਾੜਾ (ਜਸਬੀਰ ਸਿੰਘ ਚਾਨਾ): ਤਿਉਹਾਰ ਦਸਹਿਰਾ ਫਗਵਾੜਾ ਸ਼ਹਿਰ ’ਚ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਤੇ ਅੱਜ ਸ਼ਹਿਰ ’ਚ ਵੱਖ-ਵੱਖ ਦਸਹਿਰਾ ਕਮੇਟੀਆਂ ਵਲੋਂ ਫਗਵਾੜਾ ਤੇ ਆਲੇ-ਦੁਆਲੇ ਵੱਖ ਵੱਖ ਥਾਵਾਂ ’ਤੇ ਰਾਵਨ, ਮੇਘਨਾਥ ਤੇ ਕੁੰਭਕਰਨ ਦੇ ਪੁਤਲੇ ਸਾੜੇ ਗਏ। ਕੌਮੀ ਸੇਵਕ ਰਾਮ ਲੀਲਾ ਤੇ ਤਿਉਹਾਰ ਕਮੇਟੀ ਵਲੋਂ ਸ਼ੂਗਰ ਮਿੱਲ ਗਰਾਊਡ ’ਚ 77ਵਾਂ ਦਸਹਿਰਾ ਉਤਸਵ ਮਨਾਇਆ ਗਿਆ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਤੇ ਉਨ੍ਹਾਂ ਦੀ ਧਰਮ ਪਤਨੀ ਅਨੀਤਾ ਸੋਮ ਪ੍ਰਕਾਸ਼ ਸ਼ਾਮਲ ਹੋਏ। ਬਾਬਾ ਗਧੀਆ ਵੈਲਫੇਅਰ ਕਮੇਟੀ ਦੁਆਰਾ ਬਾਬਾ ਗਧੀਆ ਸਟੇਡੀਅਮ ਵਿਖੇ ਤਿਉਹਾਰ ਮਨਾਇਆ ਗਿਆ, ਜਿਸ ਵਿੱਚ ਪੁਤਲਿਆਂ ਨੂੰ ਅਗਨੀ ਭੇਟ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਕੀਤਾ।