ਪੱਤਰ ਪ੍ਰੇਰਕ
ਆਦਮਪੁਰ ਦੋਆਬਾ (ਜਲੰਧਰ), 4 ਅਗਸਤ
ਐੱਨ.ਐੱਚ.ਏ.ਆਈ. ਦੇ ਚੇਅਰਪਰਸਨ ਅਲਕਾ ਉਪਾਧਿਆਏ ਤੇ ਮੁੱਖ ਸਕੱਤਰ ਵੀ.ਕੇ. ਜੰਜੂਆ ਵੱਲੋਂ ਵੱਖ-ਵੱਖ ਹਾਈਵੇਅ ਪ੍ਰਾਜੈਕਟਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਵੀਡੀਓ ਕਾਨਫਰੰਸ ਰਾਹੀਂ ਮੀਟਿੰਗ ਕੀਤੀ ਗਈ। ਮੀਟਿੰਗ ’ਚ ਹਿੱਸਾ ਲੈਂਦਿਆਂ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਦਿੱਲੀ-ਕੱਟੜਾ ਐਕਸਪ੍ਰੈੱਸਵੇਅ ਅਧੀਨ ਜਲੰਧਰ ’ਚ 97 ਫੀਸਦੀ ਜ਼ਮੀਨ ਦੇ ਕਬਜ਼ੇ ਦੀ ਪ੍ਰਕਿਰਿਆ ਮੁਕੰਮਲ ਕੀਤੀ ਜਾ ਚੁੱਕੀ ਹੈ। ਇਸ ਤੋਂ ਇਲਾਵਾ ਜਲੰਧਰ ਬਾਈਪਾਸ ਪ੍ਰਾਜੈਕਟ ਅਧੀਨ 52 ਫੀਸਦੀ ਜ਼ਮੀਨ ਦਾ ਕਬਜ਼ਾ ਲਿਆ ਜਾ ਚੁੱਕਿਆ ਹੈ।
ਉਨ੍ਹਾਂ ਕਿਹਾ ਕਿ ਜਲੰਧਰ ਵਿੱਚ ਦਿੱਲੀ-ਕੱਟੜਾ ਐਕਸਪ੍ਰੈੱਸਵੇਅ ਤਹਿਤ ਹੁਣ ਤੱਕ ਕਬਜ਼ੇ ਅਧੀਨ ਲਈ ਗਈ 97 ਫੀਸਦੀ ਜ਼ਮੀਨ ਵਿੱਚ ਜਲੰਧਰ-2 ਵਿੱਚ 98 ਫੀਸਦੀ, ਫਿਲੌਰ ਵਿੱਚ 100 ਫੀਸਦੀ ਅਤੇ ਨਕੋਦਰ ਵਿੱਚ 90 ਫੀਸਦੀ (ਅੰਮ੍ਰਿਤਸਰ ਕਨੈਕਟੀਵਿਟੀ) ਅਤੇ 100 ਫੀਸਦੀ (ਮੁੱਖ ਅਲਾਈਨਮੈਂਟ) ਕਬਜ਼ਾ ਲਿਆ ਗਿਆ ਹੈ ਜਦਕਿ ਐੱਨ.ਐੱਚ.-70 ਨੂੰ ਚੌੜਾ ਕਰਨ ਅਤੇ ਆਦਮਪੁਰ ਫਲਾਈਓਵਰ ਪ੍ਰਾਜੈਕਟਾਂ ਤਹਿਤ 100 ਫੀਸਦੀ ਜ਼ਮੀਨ ਪਹਿਲਾਂ ਹੀ ਕਬਜ਼ੇ ਵਿੱਚ ਲਈ ਜਾ ਚੁੱਕੀ ਹੈ।
ਜਸਪ੍ਰੀਤ ਸਿੰਘ ਨੇ ਦੱਸਿਆ ਕਿ ਦਿੱਲੀ-ਕੱਟੜਾ ਐਕਸਪ੍ਰੈਸਵੇ ਪ੍ਰਾਜੈਕਟ ਤਹਿਤ ਜ਼ਮੀਨ ਮਾਲਕਾਂ ਨੂੰ 443.23 ਕਰੋੜ ਰੁਪਏ ਦੀ ਅਵਾਰਡ ਰਾਸ਼ੀ ਵੰਡੀ ਜਾ ਚੁੱਕੀ ਹੈ। ਇਸ ਮੌਕੇ ਐੱਸ.ਡੀ.ਐੱਮ. ਜਲੰਧਰ-2 ਬਲਬੀਰ ਰਾਜ ਸਿੰਘ, ਐੱਸ.ਡੀ.ਐੱਮ. ਫਿਲੌਰ ਲਾਲ ਵਿਸ਼ਵਾਸ, ਐਸ.ਡੀ.ਐਮ. ਨਕੋਦਰ ਰਣਦੀਪ ਸਿੰਘ ਹੀਰ, ਜ਼ਿਲ੍ਹਾ ਮਾਲ ਅਫਸਰ ਜਸ਼ਨਜੀਤ ਸਿੰਘ ਅਤੇ ਐੱਨ.ਐੱਚ.ਏ.ਆਈ. ਤੋਂ ਪ੍ਰਸ਼ਾਂਤ ਮਹਾਜਨ ਮੌਜੂਦ ਸਨ।