ਸਰਬੱਤ ਸਿੰਘ ਕੰਗ
ਨਡਾਲਾ, 19 ਜੁਲਾਈ
ਬੇਗੋਵਾਲ ਪੁਲੀਸ ਨੇ ਦੋ ਦਿਨ ਪਹਿਲਾਂ ਅਗਵਾ ਹੋਈ ਨਵਵਿਆਹੁਤਾ ਲੜਕੀ ਨੂੰ ਬਰਾਮਦ ਕਰ ਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਲੰਘੀ 17 ਜੁਲਾਈ ਨੂੰ ਸਰਬਜੀਤ ਸਿੰਘ ਵਾਸੀ ਪਿੰਡ ਮੰਡ ਕੁੱਲਾ ਥਾਣਾ ਬੇਗੋਵਾਲ ਨੇ ਪੁਲੀਸ ਨੂੰ ਜਾਣਕਾਰੀ ਦਿੱਤੀ ਕਿ ਉਸ ਦੀ ਪੰਜ ਦਿਨ ਪਹਿਲਾਂ ਵਿਆਹੀ ਪਤਨੀ ਕਾਜਲ ਨੂੰ ਦੁਪਹਿਰੇ ਗੁਰਪ੍ਰੀਤ ਸਿੰਘ ਉਰਫ ਭੱਟੀ ਵਾਸੀ ਵਾਰਡ ਨੰਬਰ 7 ਦੇਵੀ ਵਾਲਾ ਰੋਡ, ਕੋਟਕਪੂਰਾ ਜ਼ਿਲ੍ਹਾ ਫਰੀਦਕੋਟ 3 ਅਣਪਛਾਤੇ ਵਿਅਕਤੀਆਂ ਸਮੇਤ ਹੌਂਡਾ ਸਿਟੀ ਕਾਰ ਵਿੱਚ ਉਸ ਦਾ ਮੋਟਰਸਾਈਕਲ ਰੋਕ ਕੇ ਨਡਾਲਾ ਰੋਡ ਬੇਗੋਵਾਲ ਤੋ ਅਗਵਾ ਕਰਕੇ ਲੈ ਗਿਆ ਸੀ। ਇਸ ਬਾਬਤ ਪਰਚਾ ਵੀ ਦਰਜ ਸੀ। ਵਾਰਦਾਤ ਤੋਂ ਬਾਅਦ ਐੱਸਐੱਸਪੀ ਕਪੂਰਥਲਾ ਸਤਿੰਦਰ ਸਿੰਘ ਵੱਲੋਂ ਬਣਾਈਆਂ ਵੱਖ ਵੱਖ ਟੀਮਾਂ ਨੇ ਛਾਪੇ ਮਾਰੇ। ਤਕਨੀਕੀ ਸਹਾਇਤਾ ਲੈ ਕੇ ਮੁਲਜ਼ਮ ਗੁਰਪ੍ਰੀਤ ਸਿੰਘ ਉਰਫ ਭੱਟੀ ਨੂੰ ਗ੍ਰਿਫਤਾਰ ਕਰਕੇ, ਉਸ ਦੇ ਕਬਜ਼ੇ ਵਿੱਚੋਂ ਅਗਵਾਸ਼ੁਦਾ ਲੜਕੀ ਕਾਜਲ ਅਤੇ ਵਾਰਦਾਤ ਲਈ ਵਰਤੀ ਕਾਰ ਹੌਂਡਾ ਸਿਟੀ ਅਤੇ ਕਾਜਲ ਵੱਲੋਂ ਖੜੇ ਗਹਿਣੇ ਵੀ ਬਰਾਮਦ ਕਰ ਲਏ ਗਏ। ਜਾਂਚ ਦੌਰਾਨ ਪਤਾ ਲੱਗਿਆ ਹੈ ਕਿ ਗੁਰਪ੍ਰੀਤ ਸਿੰਘ ਉਰਫ ਭੱਟੀ ਤੇ ਕਾਜਲ ਲੁਧਿਆਣਾ ਵਿੱਚ ਹੈਲਥ ਕੇਅਰ ਕੰਪਨੀ ਵਿੱਚ ਨੌਕਰੀ ਕਰਦੇ ਸਨ ਅਤੇ ਕਿਰਾਏ ’ਤੇ ਕਮਰਾ ਲੈ ਕੇ ਇੱਕਠੇ ਰਹਿੰਦੇ ਸਨ। ਇਸ ਕਾਰਨ ਉਨ੍ਹਾਂ ਵਿੱਚ ਕਾਫੀ ਨੇੜਤਾ ਬਣ ਗਈ ਸੀ। ਉਨ੍ਹਾਂ ਦੱਸਿਆ ਕਿ ਬਾਕੀ ਮੁਲਜ਼ਮਾਂ ਕੁਲਵਿੰਦਰ ਸਿੰਘ, ਸੇਵਕ ਸਿੰਘ ਜੱਗਾ ਵਾਸੀਆਨ ਵਾਰਡ ਨੰਬਰ 7 ਦੇਵੀ ਵਾਲਾ ਰੋਡ , ਕੋਟਕਪੂਰਾ ਜ਼ਿਲ੍ਹਾ ਫਰੀਦਕੋਟ ਨੂੰ ਵੀ ਜਲਦੀ ਕਾਬੂ ਕੀਤਾ ਜਾਵੇਗਾ।