ਨਿੱਜੀ ਪੱਤਰ ਪ੍ਰੇਰਕ
ਜਲੰਧਰ, 14 ਦਸੰਬਰ
ਬਾਲ ਅਧਿਕਾਰਾਂ ਦੀ ਸੁਰੱਖਿਆ ਬਾਰੇ ਕੌਮੀ ਕਮਿਸ਼ਨ ਦੀ ਇਕ ਟੀਮ ਨੇ ਅੱਜ ਸਥਾਨਕ ਗਾਂਧੀ ਵਨਿਤਾ ਆਸ਼ਰਮ ਵਿਚ ਬਣੇ ਨਿਗਰਾਨੀ ਘਰ ਅਤੇ ਚਿਲਡਰਨ ਹੋਮ ਦਾ ਦੌਰਾ ਕੀਤਾ। ਉਨ੍ਹਾਂ ਉਥੇ ਰਹਿ ਰਹੇ ਬੱਚਿਆਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਜਾਇਜ਼ਾ ਲਿਆ ਅਤੇ ਬੱਚਿਆਂ ਨਾਲ ਗੱਲਬਾਤ ਵੀ ਕੀਤੀ ਗਈ। ਟੀਮ ਵਿੱਚ ਸ਼ਾਮਲ ਸਲਾਹਕਾਰ ਦੀਪਤੀ ਬਹਿਲ, ਸੀਨੀਅਰ ਤਕਨੀਕੀ ਮਾਹਿਰ ਸ਼ੈਸ਼ਟਾ ਕੇ ਸ਼ਾਹ ਅਤੇ ਬਾਲ ਅਧਿਕਾਰ ਕਮਿਸ਼ਨ ਪੰਜਾਬ ਦੇ ਮੈਂਬਰ ਡਾ. ਦੀਪਕ ਜੋਤੀ ਨੇ ਚਿਲਡਰਨ ਹੋਮ ਵਿਚ ਬੱਚਿਆਂ ਨਾਲ ਗੱਲਬਾਤ ਕੀਤੀ। ਟੀਮ ਨੇ ਸਹੂਲਤਾਂ ਦੀ ਸਮੀਖਿਆ ਕਰਦਿਆਂ ਰਸੋਈ ਘਰ, ਰਿਹਾਇਸ਼ੀ ਕਮਰੇ ਅਤੇ ਬਾਥਰੂਮ ਆਦਿ ਦਾ ਵੀ ਜਾਇਜ਼ਾ ਲਿਆ ਗਿਆ। ਟੀਮ ਵੱਲੋਂ ਬੱਚਿਆਂ ਨੂੰ ਮੁਹੱਈਆ ਕਰਵਾਏ ਜਾ ਰਹੇ ਖਾਣੇ ਦੀ ਗੁਣਵੱਤਾ ਵੀ ਵਾਚੀ ਗਈ। ਨਿਗਰਾਨੀ ਘਰ ਅਤੇ ਚਿਲਡਰਨ ਹੋਮ ਵਿਚ ਦਿੱਤੀਆਂ ਜਾ ਰਹੀਆਂ ਸਹੂਲਤਾਂ ’ਤੇ ਤਸੱਲੀ ਪ੍ਰਗਟਾਉਂਦਿਆਂ ਟੀਮ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਨ੍ਹਾਂ ਥਾਵਾਂ ’ਤੇ ਕੀਤੇ ਇੰਤਜ਼ਾਮ ਦੀ ਸ਼ਲਾਘਾ ਕੀਤੀ।