ਨਿੱਜੀ ਪੱਤਰ ਪ੍ਰੇਰਕ
ਜਲੰਧਰ, 10 ਜੂਨ
ਪੰਜਾਬ ਮੁਸਲਿਮ ਗੁੱਜਰ ਸਭਾ, ਮੁਸਲਿਮ ਸੰਗਠਨ ਪੰਜਾਬ ਤੇ ਈਦਗਾਹ ਮਸਜਿਦ ਕਮੇਟੀ ਵੱਲੋਂ ਵੱਖ-ਵੱਖ ਥਾਵਾਂ ’ਤੇ ਭਾਜਪਾ ਆਗੂ ਨੂਪੁਰ ਸ਼ਰਮਾ ਤੇ ਨਵੀਨ ਜਿੰਦਲ ਵਿਰੁੱਧ ਰੋਸ ਪ੍ਰਦਰਸ਼ਨ ਕੀਤੇ ਗਏ ਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਗਈ। ਮੁਸਲਿਮ ਸੰਗਠਨ ਪੰਜਾਬ ਦੇ ਪ੍ਰਧਾਨ ਐਡਵੋਕੇਟ ਨਾਈਮ ਖਾਨ ਦੀ ਅਗਵਾਈ ’ਚ ਮੁਸਲਿਮ ਭਾਈਚਾਰੇ ਨੇ ਲਾਂਬੜਾ ਨੇੜੇ ਨੂਪੁਰ ਸ਼ਰਮਾ ਤੇ ਨਵੀਨ ਜਿੰਦਲ ਦੇ ਪੁਤਲੇ ਫੂਕੇ ਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ। ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਦੋਸ਼ ਲਾਇਆ ਕਿ ਭਾਜਪਾ ਦੇਸ਼ ’ਚ ਨਫਰਤ ਦੀ ਰਾਜਨੀਤੀ ਕਰ ਰਹੀ ਹੈ ਤੇ ਦੇਸ਼ ’ਚ ਮੁਸਲਿਮ ਭਾਈਚਾਰੇ ਦੇ ਪੈਗੰਬਰ ਹਜਰਤ ਮੁਹੰਮਦ ਦੀ ਸ਼ਾਨ ’ਚ ਅਪਮਾਨਜਨਕ ਸ਼ਬਦ ਬੋਲੇ ਹਨ। ਜਿਸ ਨੂੰ ਭਾਈਚਾਰਾ ਬਰਦਾਸ਼ਤ ਨਹੀਂ ਕਰ ਸਕਦਾ। ਪੰਜਾਬ ਮੁਸਲਿਮ ਗੁੱਜਰ ਸਭਾ ਵੱਲੋਂ ਮੁਹੰਮਦ ਅਸ਼ਰਫ, ਸਾਹਿਲ ਤੇ ਯਾਕੂਬ ਨੇ ਭਾਰਤ ਦੇ ਰਾਸ਼ਟਰਪਤੀ ਨੂੰ ਪੱਤਰ ਲਿਖ ਕੇ ਕਿਹਾ ਕਿ ਨਬੀ ਹਜਰਤ ਮੁਹੰਮਦ ਵਿਰੁੱਧ ਗੁਸਤਾਖੀ ਕਰਨ ਵਾਲਿਆਂ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇ। ਇਨ੍ਹਾਂ ਆਗੂਆਂ ਨੇ ਕਿਹਾ ਕਿ ਬੀਤੇ ਦਿਨੀਂ ਇਕ ਟੀਵੀ ਚੈਨਲ ’ਤੇ ਭਾਜਪਾ ਦੇ ਇਨ੍ਹਾਂ ਆਗੂਆਂ ਨੇ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਸਨ। ਉਨ੍ਹਾਂ ਕਿਹਾ ਕਿ ਇਸ ਗੱਲ ਨੂੰ ਲੈ ਕੇ ਮੁਸਲਿਮ ਭਾਈਚਾਰੇ ਵਿਚ ਬਹੁਤ ਰੋਸ ਹੈ।
ਹੁਸ਼ਿਆਰਪੁਰ (ਪੱਤਰ ਪ੍ਰੇਰਕ) ਪੈਗੰਬਰ ਮੁਹੰਮਦ ਖ਼ਿਲਾਫ਼ ਇਤਰਾਜ਼ਯੋਗ ਟਿੱਪਣੀ ਕਰਨ ਦੇ ਵਿਰੋਧ ’ਚ ਮੁਸਲਿਮ ਭਾਈਚਾਰੇ ਵੱਲੋਂ ਸਿੱਖ, ਮੁਸਲਿਮ, ਦਲਿਤ, ਇਸਾਈ ਸਾਂਝਾ ਫ਼ਰੰਟ ਦੇ ਸਹਿਯੋਗ ਨਾਲ ਜਾਮਾ ਮਸਜਿਦ ਹੁਸ਼ਿਆਰਪੁਰ ’ਚ ਅੱਜ ਨਮਾਜ ਤੋਂ ਬਾਅਦ ਭਾਜਪਾ ਸਰਕਾਰ ਖ਼ਿਲਾਫ਼ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ। ਮੁਸਲਿਮ ਭਾਈਚਾਰੇ ਦੇ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਦੇ ਕਾਰਜਕਾਲ ਦੌਰਾਨ ਘੱਟ ਗਿਣਤੀਆਂ ’ਤੇ ਹਮਲਿਆਂ ’ਚ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਹਜਰਤ ਮੁਹੰਮਦ ਖ਼ਿਲਾਫ਼ ਟਿੱਪਣੀਆਂ ਨੂੰ ਲੈ ਕੇ ਅੱਜ ਪੂਰੀ ਦੁਨੀਆਂ ’ਚ ਭਾਜਪਾ ਖ਼ਿਲਾਫ਼ ਪ੍ਰਦਰਸ਼ਨ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਹਜ਼ਰਤ ਮਹੰਮਦ ਖ਼ਿਲਾਫ਼ ਅਪਸ਼ਬਦ ਬੋਲਣ ਵਾਲੇ ਭਾਜਪਾ ਆਗੂਆਂ ਨੂੰ ਪਾਰਟੀ ’ਚੋਂ ਬਰਖਾਸਤ ਕਰਨਾ ਜਾਂ ਕੇਸ ਦਰਜ ਕਰਨਾ ਹੀ ਕਾਫ਼ੀ ਨਹੀਂ ਬਲਕਿ ਉਨ੍ਹਾਂ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਸਖਤ ਸਜ਼ਾ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਭਵਿੱਖ ’ਚ ਧਾਰਮਿਕ ਸਖਸ਼ੀਅਤਾਂ ਦਾ ਅਪਮਾਨ ਨਾ ਹੋਵੇ, ਇਸ ਲਈ ਲੋਕ ਸਭਾ ਸੈਸ਼ਨ ’ਚ ਸਖਤ ਕਾਨੂੰਨ ਬਣਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇ ਦੋਸ਼ੀਆਂ ਨੂੰ ਜਲਦੀ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।
ਫਗਵਾੜਾ (ਪੱਤਰ ਪ੍ਰੇਰਕ) ਭਾਜਪਾ ਦੀ ਸਾਬਕਾ ਬੁਲਾਰਾ ਨੂਪੁਰ ਸ਼ਰਮਾ ਤੇ ਨਵੀਨ ਜਿੰਦਲ ਵੱਲੋਂ ਹਜ਼ਰਤ ਮੁਹੰਮਦ ਸਾਹਿਬ ਦੀ ਸ਼ਾਨ ’ਚ ਵਰਤੀ ਸ਼ਬਦਾਵਲੀ ਦੇ ਰੋਸ ਵਜੋਂ ਜਮੀਅਤ ਉਲਮਾ ਹਿੰਦ, ਰਾਸ਼ਟਰੀ ਅਲਪ ਸੰਖਿਅਕ ਅਰਕਸ਼ਨ ਮੋਰਚਾ ਤੇ ਸਮੂਹ ਮੁਸਲਿਮ ਭਾਈਚਾਰੇ ਵੱਲੋਂ ਅੱਜ ਫਗਵਾੜਾ _ਚ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਭਾਜਪਾ ਆਗੂਆਂ ਦਾ ਪੁਤਲਾ ਸਾੜ ਕੇ ਏਡੀਸੀ ਡਾ. ਨਯਨ ਜੱਸਲ ਨੂੰ ਰਾਸ਼ਟਰਪਤੀ ਦੇ ਨਾਂ ਮੰਗ ਪੱਤਰ ਦਿੱਤਾ ਜਿਸ ’ਚ ਇਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ ਹੈ।
ਮੁਸਲਿਮ ਭਾਈਚਾਰੇ ਦੇ ਲੋਕ ਮਸਜਿਦ ਉਮਰ ਨਾਈਆਂ ਵਾਲਾ ਚੌਕ ’ਚ ਇਕੱਠੇ ਹੋਏ। ਇਸ ਮੌਕੇ ਨਾਅਰੇਬਾਜ਼ੀ ਕੀਤੀ ਤੇ ਮਗਰੋਂ ਪੁਤਲਾ ਫੂਕਿਆ ਗਿਆ। ਇਸ ਮੌਕੇ ਸਰਬਰ ਗੁਲਾਮ ਸੱਬਾ ਨੇ ਕਿਹਾ ਕਿ ਇਨ੍ਹਾਂ ਲੋਕਾਂ ਦਾ ਕੰਮ ਦੇਸ਼ ’ਚ ਨਫ਼ਰਤ ਪੈਦਾ ਕਰਨਾ ਹੈ। ਇਨ੍ਹਾਂ ਦੇ ਅਜਿਹੇ ਕਾਰਜ ਨਾਲ ਭਾਰਤ ਹੀ ਨਹੀਂ ਬਲਕਿ ਸਮੁੱਚੇ ਵਿਸ਼ਵ ਦੇ ਮੁਸਲਮਾਨ ਭਾਈ ’ਚ ਰੋਸ ਪਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਹਜ਼ਰਤ ਮੁਹੰਮਦ ਸਾਹਿਬ ਆਖਰੀ ਨਬੀ ਹਨ ਤੇ ਵਿਸ਼ਵ ਭਰ ਦੇ ਮੁਸਲਮਾਨ ਉਨ੍ਹਾਂ ਨੂੰ ਆਪਣੀ ਜਾਨ ਤੋਂ ਵੱਧ ਪਿਆਰ ਕਰਦੇ ਹਨ।
ਕਾਦੀਆਂ ਸ਼ਹਿਰ ਵਿੱਚ ਭਾਰੀ ਪੁਲੀਸ ਤੈਨਾਤ
ਕਾਦੀਆਂ (ਮਕਬੂਲ ਅਹਿਮਦ) ਬੀਤੀ ਰਾਤ ਕਾਦੀਆਂ ’ਚ ਪੁਲੀਸ ਦਾ ਹਾਈ ਅਲਰਟ ਜਾਰੀ ਹੈ। ਪੂਰੇ ਸ਼ਹਿਰ ਨੂੰ ਪੁਲੀਸ ਛਾਉਣੀ ’ਚ ਤਬਦੀਲ ਕਰ ਦਿੱਤਾ ਗਿਆ ਹੈ। ਅੰਮ੍ਰਿਤਸਰ, ਗੁਰਦਾਸਪੁਰ ਤੇ ਬਟਾਲਾ ਜ਼ਿਲ੍ਹੇ ਤੋਂ 120 ਪੁਲੀਸ ਜਵਾਨਾਂ ਨੂੰ ਕਾਦੀਆਂ ਦੇ ਵੱਖ ਵੱਖ ਹਲਕਿਆਂ ’ਚ ਤੈਨਾਤ ਕੀਤਾ ਗਿਆ ਹੈ। ਪੁਲੀਸ ਹਾਲਾਤ ’ਤੇ ਨਜ਼ਰ ਰੱਖ ਰਹੀ ਹੈ। ਭਾਜਪਾ ਦੀ ਬੁਲਾਰੀ ਨੂਪੁਰ ਸ਼ਰਮਾ ਤੇ ਸਤਿੰਦਰ ਜੈਨ ਵੱਲੋਂ ਬੀਤੇ ਦਿਨੀਂ ਇਸਲਾਮ ਧਰਮ ਦੇ ਸੰਸਥਾਪਕ ਹਜ਼ਰਤ ਮੁਹੰਮਦ ਮੁਸਤਫ਼ਾ ਦੇ ਕਿਰਦਾਰ ਸਬੰਧੀ ਕੀਤੀ ਟਿੱਪਣੀ ਤੋਂ ਬਾਅਦ ਕਾਨਪੂਰ ’ਚ ਨਮਾਜ਼ ਤੋਂ ਬਾਅਦ ਹਿੰਸਕ ਪ੍ਰਦਰਸ਼ਣ ਸ਼ੁਰੂ ਹੋ ਗਏ ਸਨ। ਇਸੇ ਨੂੰ ਮੱਦੇਨਜ਼ਰ ਰੱਖਦੇ ਹੋਏ ਅੱਜ ਪੂਰੇ ਸ਼ਹਿਰ ਨੂੰ ਪੁਲੀਸ ਛਾਉਣੀ ’ਚ ਤਬਦੀਲ ਕਰ ਦਿੱਤਾ। ਕਾਦੀਆਂ ਅਹਿਮਦੀਆ ਜਮਾਤ ਦਾ ਅੰਤਰ-ਰਾਸ਼ਟਰੀ ਹੈੱਡ ਕਵਾਟਰ ਹੈ ਇੱਥੇ ਜੁਮੇ ਦੀ ਨਮਾਜ਼ ਅਦਾ ਕੀਤੀ ਗਈ। ਇਥੇ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ।