ਧਿਆਨ ਸਿੰਘ ਭਗਤ
ਕਪੂਰਥਲਾ, 15 ਅਪਰੈਲ
ਪੰਜਾਬ ਸਰਕਾਰ ਵੱਲੋਂ 100 ਕਰੋੜ ਰੁਪਏ ਦੀ ਲਾਗਤ ਨਾਲ ਕਪੂਰਥਲਾ ਵਿੱਚ ਬਾਬਾ ਸਾਹਿਬ ਡਾ. ਬੀਆਰ ਅੰਬੇਡਕਰ ਦਾ ਮਿਊਜ਼ੀਅਮ ਬਣਾਇਆ ਜਾਵੇਗਾ। ਇਹ ਜਾਣਕਾਰੀ ਏਕਤਾ ਭਵਨ ਵਿੱਚ ਬਾਬਾ ਸਾਹਿਬ ਦਾ 130ਵਾਂ ਜਨਮ ਉਤਸਵ ਮਨਾਉਂਦਿਆਂ ਕਾਂਗਰਸ ਦੇ ਸੀਨੀਅਰ ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਵੱਲੋਂ ਆਪਣੇ ਸੰਬੋਧਨ ਵਿੱਚ ਦਿੱਤੀ ਗਈ। ਉਨ੍ਹਾਂ ਕਿਹਾ ਕਿ ਅੰਬੇਡਕਰ ਦੇ ਜੀਵਨ ਤੋਂ ਪ੍ਰੇਰਨਾ ਲੈਂਦੇ ਹੋਏ ਦੇਸ਼ ਦੀ ਤਰੱਕੀ ਤੇ ਵਿਕਾਸ ਵਿੱਚ ਅਹਿਮ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੋਂ ਕਾਂਗਰਸ ਸੱਤਾ ਵਿੱਚ ਆਈ ਹੈ, ਦਲਿਤਾਂ ਦੇ ਨਾਲ ਨਾਲ ਹਰ ਵਰਗ ਦਾ ਖਾਸ ਧਿਆਨ ਰੱਖਿਆ ਹੈ।
ਪਾਇਲ (ਦੇਵਿੰਦਰ ਸਿੰਘ ਜੱਗੀ): ਨੇੜਲੇ ਪਿੰਡ ਸਿਹੌੜਾ ਵਿਖੇ ਸਰਬ ਭਲਾਈ ਮੰਚ ਸਿਹੌੜਾ ਵੱਲੋਂ ਬਾਬਾ ਸਾਹਿਬ ਡਾ.ਭੀਮ ਰਾਓ ਅੰਬੇਡਕਰ ਦਾ ਜਨਮ ਦਿਵਸ ਕੇਕ ਕੱਟ ਕੇ ਮਨਾਇਆ ਗਿਆ। ਇਸ ਮੌਕੇ ਸਰਬ ਭਲਾਈ ਮੰਚ ਦੇ ਆਗੂ ਅਤੇ ਪੰਜਾਬੀ ਲੇਖਕ ਹਰਪ੍ਰੀਤ ਸਿੰਘ ਸਿਹੌੜਾ, ਮੰਚ ਦੇ ਸਰਪ੍ਰਸਤ ਸੋਹਨ ਸਿੰਘ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ ਅਤੇ ਹਾਜ਼ਰੀਨ ਦਾ ਧੰਨਵਾਦ ਕੀਤਾ। ਇਸ ਮੌਕੇ ਸੋਹਨ ਸਿੰਘ(ਪ੍ਰਧਾਨ ਐੱਸਸੀ ਵਿੰਗ ਪੀਆਰਟੀਸੀ),ਹਰਪ੍ਰੀਤ ਸਿੰਘ , ਭਗਤ ਸਿੰਘ ਮਿੰਟੂ ਹਾਜ਼ਰ ਸਨ।
ਧਾਰੀਵਾਲ (ਸੁੱਚਾ ਸਿੰਘ ਪਸਨਾਵਾਲ): ਮਨੁੱਖੀ ਅਧਿਕਾਰ ਸੁਰਕਸ਼ਾ ਸੁਸਾਇਟੀ (ਰਜਿ.) ਵੱਲੋਂ ਡਾ.ਭੀਮ ਰਾਓ ਅੰਬੇਡਕਰ ਦਾ 130 ਵਾਂ ਜਨਮ ਦਿਹਾੜਾ ਰਵਿਦਾਸ ਭਵਨ ਧਾਰੀਵਾਲ ਵਿੱਚ ਮਨਾਇਆ ਗਿਆ। ਇਸ ਮੌਕੇਸੁਸਾਇਟੀ ਦੇ ਜ਼ਿਲ੍ਹਾ ਪ੍ਰਧਾਨ ਇੰਜਨੀਅਰ ਜਤਿੰਦਰ ਪਾਲ ਸਿੰਘ ਅਤੇ ਜ਼ਿਲ੍ਹਾ ਯੂਥ ਪ੍ਰਧਾਨ ਲਵਲੀ ਨਾਗੀ ਪਹੁੰਚੇ। ਇਸ ਮੌਕੇ ਬੁਲਾਰਿਆਂ ਨੇ ਬਾਬਾ ਸਾਹਿਬ ਡਾ.ਅੰਬੇਦਕਰ ਦੇ ਜੀਵਨ ਬਾਰੇ ਚਾਨਣਾ ਪਾਇਆ। ਇਸ ਮੌਕੇ ਬਜੁਰਗ ਗਾਇਕ ਜੋਗਿੰਦਰ ਯਮਲਾ ਨੇ ਬਾਬਾ ਸਾਹਿਬ ਜੀ ਦੇ ਜੀਵਨ ਤੇ ਆਧਾਰਿਤ ਗੀਤ ਪੇਸ਼ ਕੀਤੇ। ਇਸੇ ਤਰ੍ਹਾਂ ਸ਼ਹਿਰ ਨੇੜਲੇ ਪਿੰਡ ਕੰਗ ਵਿੱਚ ਸਮਾਗਮ ਕਰਵਾਇਆ ਗਿਆ। ਵੱਖ ਵੱਖ ਆਗੂਆਂ ਵਲੋਂ ਗੁਰੂ ਨਾਨਕ ਦੇਵ ਪਾਰਕ ਕੰਗ ਵਿੱਚ ਸਥਿਤ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ’ਤੇ ਫੁੱਲ ਮਾਲਾਵਾਂ ਭੇਟ ਕੀਤੀਆਂ ਗਈਆਂ।