ਸਾਧਪੁਰ ਵਾਸੀ ਖ਼ਿਲਾਫ਼ ਕਤਲ ਦਾ ਕੇਸ ਦਰਜ
ਪੱਤਰ ਪ੍ਰੇਰਕ
ਜੰਡਿਆਲਾ ਗੁਰੂ, 5 ਸਤੰਬਰ
ਇੱਥੋਂ ਦੇ ਪਿੰਡ ਗੱਗੜਭਾਣਾ ਵਿੱਚ ਸ਼ਮਸ਼ੇਰ ਸਿੰਘ ਨਾਂ ਦੇ ਇਕ ਵਿਅਕਤੀ ਦਾ ਪੈਸੇ ਦੇ ਲੈਣ ਦੇਣ ਦੇ ਮਾਮਲੇ ਵਿੱਚ ਕਤਲ ਹੋ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਸ਼ਮਸ਼ੇਰ ਸਿੰਘ ਦੇ ਪਿਤਾ ਗੁਰਮੇਜ ਸਿੰਘ ਵਾਸੀ ਗੱਗੜਭਾਣਾ ਨੇ ਦੱਸਿਆ ਉਸ ਦੇ ਤਿੰਨ ਬੱਚੇ ਹਨ। ਸ਼ਮਸ਼ੇਰ ਸਿੰਘ ਉਸ ਦਾ ਸਭ ਤੋਂ ਵੱਡਾ ਬੇਟਾ ਹੈ। ਜਿਸ ਦਾ ਵਿਆਹ ਤੋਂ ਕੁਝ ਦੇਰ ਬਾਅਦ ਹੀ ਤਲਾਕ ਹੋ ਗਿਆ ਸੀ। ਉਸ ਨੇ ਦੱਸਿਆ ਸ਼ਮਸ਼ੇਰ ਸਿੰਘ ਕਿਸਾਨ ਸੀ। ਉਸ ਦੀ ਖੱਬੀ ਲੱਤ ਪੋਲੀਓ ਨਾਲ ਗ੍ਰਸਤ ਸੀ। ਬੀਤੀ 4 ਤਾਰੀਕ ਨੂੰ ਦਿਨ ਦੇ 12 ਵਜੇ ਉਹ ਆਪਣੇ ਘਰ ਇਹ ਕਹਿ ਕੇ ਗਿਆ ਕਿ ਉਹ ਜਗਤਾਰ ਸਿੰਘ ਵਾਸੀ ਸਾਧਪੁਰ ਤੋਂ ਪੈਸੇ ਵਾਪਸ ਲੈਣ ਜਾ ਰਿਹਾ ਹੈ। ਸ਼ਮਸ਼ੇਰ ਦੇ ਪਿਤਾ ਨੇ ਦੱਸਿਆ ਕਿ ਜਗਤਾਰ ਸਿੰਘ ਨੇ ਉਸ ਦੇ ਬੇਟੇ ਤੋਂ ਕਾਫੀ ਪੈਸੇ ਲਏ ਸਨ ਪਰ ਉਹ ਸ਼ਾਮ ਤੱਕ ਵਾਪਸ ਨਹੀਂ ਆਇਆ। ਫਿਰ ਉਨ੍ਹਾਂ ਨੂੰ ਪਿੰਡ ਦੇ ਹੀ ਬੁੱਗੇ ਨਾਮਕ ਵਿਅਕਤੀ ਦਾ ਫੋਨ ਆਇਆ ਤੇ ਕੁਝ ਦੇਰ ਬਾਅਦ ਉਨ੍ਹਾਂ ਦੇ ਜਵਾਈ ਸਿਕੰਦਰ ਸਿੰਘ ਵਾਸੀ ਭੀਲੋਵਾਲ ਦਾ ਫੋਨ ਆਇਆ ਕਿ ਸ਼ਮਸ਼ੇਰ ਸਿੰਘ ਦੀ ਲਾਸ਼ ਸਾਧਪੁਰ ਦੇ ਰਜਵਾਹੇ ਦੀ ਪਟੜੀ ’ਤੇ ਪਈ ਹੈ। ਉਸ ਦੇ ਸਿਰ, ਮੱਥੇ ਤੇ ਕੰਨ ’ਤੇ ਸੱਟਾਂ ਦੇ ਨਿਸ਼ਾਨ ਸਨ। ਗੁਰਮੇਜ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਯਕੀਨ ਹੈ ਕਿ ਉਧਾਰ ਦਿੱਤੇ ਪੈਸੇ ਹਜ਼ਮ ਕਰਨ ਲਈ ਸ਼ਮਸ਼ੇਰ ਸਿੰਘ ਦਾ ਕਤਲ ਕੀਤਾ ਗਿਆ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਐੱਸਆਈ ਤਰਸੇਮ ਸਿੰਘ ਨੇ ਦੱਸਿਆ ਦੋਸ਼ੀ ਜਗਤਾਰ ਸਿੰਘ ਵਾਸੀ ਸਾਧਪੁਰ ਖ਼ਿਲਾਫ਼ ਥਾਣਾ ਜੰਡਿਆਲਾ ਗੁਰੂ ’ਚ ਕਤਲ ਦਾ ਕੇਸ ਦਰਜ ਕਰ ਲਿਆ ਗਿਆ ਹੈ। ਇਸ ਦੇ ਇਲਾਵਾ ਇਹ ਮਾਮਲਾ ਕਈ ਐਂਗਲ ਤੋਂ ਆਨਰ ਕਿਲਿੰਗ ਨਾਲ ਵੀ ਜੁੜਿਆ ਨਜ਼ਰ ਆ ਰਿਹਾ ਹੈ, ਜਿਸ ਦਾ ਪੁਲੀਸ ਵੱਲੋਂ ਜਲਦ ਹੀ ਖੁਲਾਸਾ ਕੀਤਾ ਜਾ ਸਕਦਾ ਹੈ।
ਕੈਪਸ਼ਨ: ਸ਼ਮਸ਼ੇਰ ਸਿੰਘ ਦੀ ਤਸਵੀਰ। -ਫੋਟੋ: ਬੇਦੀ