ਪੱਤਰ ਪ੍ਰੇਰਕ
ਫਗਵਾੜਾ, 21 ਜੁਲਾਈ
ਇੱਥੋਂ ਦੇ ਭੁੱਲਾਰਾਈ ਅਮਰੀਕ ਨਗਰੀ ਵਿੱਚ ਇੱਕ ਵਿਅਕਤੀ ਦਾ ਘਰ ’ਚ ਹੀ ਕਥਿਤ ਤੌਰ ’ਤੇ ਕਤਲ ਕਰ ਕੇ ਮੁਲਜ਼ਮ ਘਰ ਨੂੰ ਤਾਲਾ ਲਗਾ ਕੇ ਫ਼ਰਾਰ ਹੋ ਗਏ। ਬਦਬੂ ਫ਼ੈਲਣ ’ਤੇ ਅੱਜ ਮੁਹੱਲਾ ਵਾਸੀਆਂ ਨੇ ਪੁਲੀਸ ਨੂੰ ਸੂਚਿਤ ਕੀਤਾ ਜਿਸ ਮਗਰੋਂ ਪੁਲੀਸ ਨੇ ਖੂਨ ਨਾਲ ਲੱਥਪੱਥ ਲਾਸ਼ ਕਬਜ਼ੇ ’ਚ ਲੈ ਲਈ ਹੈ। ਘਟਨਾ ਦੀ ਸੂਚਨਾ ਮਿਲਦਿਆਂ ਸਾਰ ਐੱਸਪੀ ਮੁਖਤਿਆਰ ਰਾਏ, ਡੀਐੱਸਪੀ ਜਸਪ੍ਰੀਤ ਸਿੰਘ, ਐੱਸਐੱਚਓ ਸਦਰ ਗੌਰਵ ਧੀਰ ਪੁਲੀਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ ਤੇ ਘਟਨਾ ਸਬੰਧੀ ਜਾਣਕਾਰੀ ਹਾਸਲ ਕੀਤੀ।
ਐੱਸਪੀ ਮੁਖਤਿਆਰ ਰਾਏ ਨੇ ਦੱਸਿਆ ਕਿ ਮ੍ਰਿਤਕ ਵਿਅਕਤੀ ਦੀ ਪਛਾਣ ਪਰਮਜੀਤ ਸਿੰਘ (35) ਪੁੱਤਰ ਰੇਸ਼ਮ ਸਿੰਘ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਵਿਅਕਤੀ ਫਗਵਾੜਾ ਦੇ ਬਾਂਸਾ ਬਾਜ਼ਾਰ ਇਲਾਕੇ ’ਚ ਚੁੰਨੀਆਂ ਰੰਗਣ ਦਾ ਕੰਮ ਕਰਦਾ ਸੀ। ਪੁਲੀਸ ਨੇ ਇਸ ਸਬੰਧ ’ਚ ਧਾਰਾ 302 ਤੇ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।