ਪੱਤਰ ਪ੍ਰੇਰਕ
ਤਰਨ ਤਾਰਨ, 8 ਅਗਸਤ
ਇਲਾਕੇ ਦੇ ਪਿੰਡ ਨੌਸ਼ਹਿਰਾ ਪੰਨੂੰਆਂ ਵਿੱਚ ਆਪਣੇ ਪੇਕੇ ਰਹਿੰਦੀ 55 ਕੁ ਸਾਲ ਦੀ ਵਿਧਵਾ ਅਮਰੀਕ ਕੌਰ ਦੀ ਬੀਤੀ ਰਾਤ ਭੇਤਭਰੀ ਹਾਲਤ ਵਿੱਚ ਹੱਤਿਆ ਕਰ ਦਿੱਤੀ ਗਈ| ਮਿ੍ਤਕਾ ਦੇ ਚਚੇਰੇ ਭਰਾ ਹਰਭਜਨ ਸਿੰਘ ਦੀ ਸ਼ਿਕਾਇਤ ’ਤੇ ਥਾਣਾ ਸਰਹਾਲੀ ਦੀ ਪੁਲੀਸ ਨੇ ਮਿ੍ਤਕਾ ਅਮਰੀਕ ਕੌਰ ਵਲੋਂ ਗੋਦ ਲਈ ਧੀ ਕਰਨਬੀਰ ਕੌਰ ਅਤੇ ਉਸ ਨਾਲ ਇਕ ਹੋਰ ਅਣਪਛਾਤੇ ਵਿਅਕਤੀ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ| ਥਾਣਾ ਮੁਖੀ ਇੰਸਪੈਕਟਰ ਨਵਦੀਪ ਸਿੰਘ ਨੇ ਦੱਸਿਆ ਕਿ ਅਮਰੀਕ ਕੌਰ ਦਾ ਵਿਆਹ 35 ਕੁ ਸਾਲ ਪਹਿਲਾਂ ਇਲਾਕੇ ਦੇ ਪਿੰਡ ਦਿਲਾਵਲਪੁਰ ਦੇ ਜੈਲ ਸਿੰਘ ਨਾਲ ਹੋਇਆ ਸੀ| ਜੈਲ ਸਿੰਘ ਕੇਂਦਰੀ ਨੀਮ ਸੁਰੱਖਿਆ ਬਲ ਸੀ. ਆਈ. ਐਸ. ਐਫ਼. ਵਿੱਚ ਨੌਕਰੀ ਕਰਦਾ ਸੀ| ਇਸ ਕਰਕੇ ਅਮਰੀਕ ਕੌਰ ਵਿਆਹ ਦੇ ਤਿੰਨ ਸਾਲਾਂ ਬਾਅਦ ਹੀ ਆਪਣੇ ਪੇਕੇ ਪਿੰਡ ਆ ਕੇ ਉਥੇ ਆਪਣਾ ਘਰ ਬਣਾ ਕੇ ਰਹਿਣ ਲੱਗੀ| ਉਸ ਦੇ ਕੋਈ ਉਲਾਦ ਨਹੀਂ ਸੀ ਜਿਸ ਕਰਕੇ ਉਸ ਨੇ ਬਹੁਤ ਸਾਲ ਪਹਿਲਾਂ ਆਪਣੀ ਨਣਾਨ ਦੀ ਲੜਕੀ ਕਰਨਬੀਰ ਕੌਰ ਨੂੰ ਗੋਦ ਲੈ ਲਿਆ| ਕਰਨਬੀਰ ਕੌਰ ਨੇ 14 ਕੁ ਸਾਲ ਪਹਿਲਾਂ ਭਰੋਵਾਲ ਦੇ ਵਾਸੀ ਨਾਲ ਖੁਦ ਹੀ ਵਿਆਹ ਕਰ ਲਿਆ| ਇਸ ਕਰਕੇ ਅਮਰੀਕ ਕੌਰ ਨੇ ਉਸ ਨਾਲੋਂ ਆਪਣੇ ਸਬੰਧ ਤੋੜ ਲਏ| ਅਮਰੀਕ ਕੌਰ ਦੇ ਪਤੀ ਜੈਲ ਸਿੰਘ ਦੀ ਚਾਰ ਕੁ ਮਹੀਨੇ ਪਹਿਲਾਂ ਮੌਤ ਹੋ ਗਈ| ਜਿਵੇਂ ਹੀ ਕਰਨਬੀਰ ਕੌਰ ਨੂੰ ਇਸ ਬਾਰੇ ਪਤਾ ਲੱਗਾ ਕਿ ਅਮਰੀਕ ਕੌਰ ਦੇ ਪਤੀ ਦੀ ਮੌਤ ਉਪਰੰਤ ਸਰਕਾਰ ਕੋਲੋਂ ਮੋਟੇ ਪੈਸੇ ਮਿਲਣੇ ਹਨ ਇਸੇ ਲਾਲਚ ਵਿੱਚ ਅਮਰੀਕ ਕੌਰ ਦੀ ਹੱਤਿਆ ਕਰ ਦਿੱਤੀ|