ਜਗਜੀਤ ਸਿੰਘ
ਮੁਕੇਰੀਆਂ, 29 ਅਗਸਤ
ਮਾਈਨਿੰਗ ਵਿਭਾਗ ਦੀ ਜੂਨੀਅਰ ਇੰਜਨੀਅਰ ਵੱਲੋਂ ਹਿਮਾਚਲ ਪ੍ਰਦੇਸ਼ ਤੋਂ ਰੇਤਾ ਬੱਜਰੀ ਲੈ ਕੇ ਆ ਰਹੀਆਂ ਗੱਡੀਆਂ ਨੂੰ ਹਾਜੀਪੁਰ ਟੀ-ਪੁਆਇੰਟ ’ਤੇ ਨਾਕਾ ਲਾ ਕੇ ਰੋਕਣ ਮਗਰੋਂ ਡਰਾਈਵਰਾਂ ਕੋਲੋਂ ਕਥਿਤ ਤੌਰ ’ਤੇ 7 ਹਜ਼ਾਰ ਰੁਪਏ ਪ੍ਰਤੀ ਗੱਡੀ ਦੀ ਮੰਗ ਖ਼ਿਲਾਫ਼ ਟਰੱਕ ਚਾਲਕਾਂ ਨੇ ਅੱਜ ਮੁਕੇਰੀਆਂ-ਤਲਵਾੜਾ ਰੋਡ ਜਾਮ ਕਰ ਕੇ ਧਰਨਾ ਲਗਾ ਦਿੱਤਾ। ਧਰਨੇ ਦੀ ਅਗਵਾਈ ਟਿੱਪਰ ਯੂਨੀਅਨ ਪੰਜਾਬ ਦੇ ਪ੍ਰਧਾਨ ਗਗਨਦੀਪ ਸਿੰਘ ਨੇ ਕੀਤੀ। ਟਰੱਕ ਚਾਲਕਾਂ ਦੇ ਸਮਰਥਨ ਵਿੱਚ ਆਏ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ ਨੇ ਪੱਕੇ ਧਰਨੇ ਲਈ ਟੈਂਟ ਲਗਾਉਣਾ ਸ਼ੁਰੂ ਕਰ ਦਿੱਤਾ ਹੈ। ਖਬਰ ਲਿਖੇ ਜਾਣ ਤੱਕ ਮਸਲਾ ਕਿਸੇ ਤਣ-ਪੱਤਣ ਨਹੀਂ ਲੱਗਿਆ ਸੀ।ਮਸਲਾ ਸੁਲਝਾਉਣ ਲਈ ਮੌਕੇ ਉੱਤੇ ਡੀਐੱਸਪੀ ਮੁਕੇਰੀਆਂ ਕੁਲਵਿੰਦਰ ਸਿੰਘ ਵਿਰਕ, ਐੱਸਡੀਓ ਮਾਈਨਿੰਗ ਰਾਜ ਕੁਮਾਰ ਅਤੇ ਐੱਸਐੱਚਓ ਹਾਜੀਪੁਰ ਅਮਰਜੀਤ ਕੌਰ ਵੱਲੋਂ ਵੀ ਚਾਰਾਜੋਈ ਕੀਤੀ ਜਾ ਰਹੀ ਹੈ।
ਮਾਈਨਿੰਗ ਅਧਿਕਾਰੀਆਂ ਉੱਤੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾਉਂਦਿਆਂ ਟਿੱਪਰ ਯੂਨੀਅਨ ਪ੍ਰਧਾਨ ਗਗਨਦੀਪ ਸਿੰਘ, ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਵਿੱਤ ਸਕੱਤਰ ਹਰਮਿੰਦਰਪਾਲ ਸਿੰਘ, ਜਤਿੰਦਰ ਪਾਲ ਸਿੰਘ ਤੇ ਹਰਦੀਪ ਸਿੰਘ ਨੇ ਦੱਸਿਆ ਕਿ ਉਹ ਹਿਮਾਚਲ ਪ੍ਰਦੇਸ਼ ਤੋਂ ਰੇਤਾ ਬੱਜਰੀ ਲੈ ਕੇ ਆਉਂਦੇ ਹਨ। ਪਿਛਲੇ ਦਿਨੀਂ ਮਾਈਨਿੰਗ ਵਿਭਾਗ ਦੀ ਜੂਨੀਅਰ ਇੰਜਨੀਅਰ ਕੋਮਲਪ੍ਰੀਤ ਕੌਰ ਨੇ ਹਿਮਾਚਲ ਪ੍ਰਦੇਸ਼ ਦੇ ਕਰੱਸ਼ਰਾਂ ਤੋਂ ਜੀਐੱਸਟੀ ਬਿੱਲਾਂ ਸਮੇਤ ਰੇਤਾ ਬੱਜਰੀ ਲੈ ਕੇ ਆ ਰਹੇ ਟਿੱਪਰ ਚਾਲਕਾਂ ਤੋਂ ਚਲਾਨ ਕਰਨ ਦਾ ਡਰਾਵਾ ਦੇ ਕੇ ਪ੍ਰਤੀ ਗੱਡੀ 7 ਹਜ਼ਾਰ ਰੁਪਏ ਦੀ ਕਥਿਤ ਵਸੂਲੀ ਕੀਤੀ ਸੀ। ਅੱਜ ਜਦੋਂ ਮੁੜ ਉਹ ਰੇਤਾ ਬੱਜਰੀ ਲੈ ਕੇ ਆ ਰਹੇ ਸਨ ਤਾਂ ਟੀ ਪੁਆਇੰਟ ’ਤੇ ਮਾਈਨਿੰਗ ਵਿਭਾਗ ਦੀ ਉਕਤ ਜੂਨੀਅਰ ਵੱਲੋਂ ਪੁਲੀਸ ਟੀਮ ਦੀ ਮੱਦਦ ਨਾਲ ਨਾਕਾ ਲਗਾ ਕੇ ਗੱਡੀਆਂ ਰੋਕਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਪ੍ਰਤੀ ਗੱਡੀ 7 ਹਜ਼ਾਰ ਰੁਪਏ ਦੀ ਕਥਿਤ ਮੰਗ ਕਰਨੀ ਸ਼ੁਰੂ ਕਰ ਦਿੱਤੀ। ਮਾਈਨਿੰਗ ਅਧਿਕਾਰੀ ਨੇ ਇਹ ਅਦਾਇਗੀ ਨਾ ਕਰਨ ਵਾਲਿਆਂ ਦੀਆਂ ਗੱਡੀਆਂ ਦੀਆਂ ਚਾਬੀਆਂ ਪੁਲੀਸ ਦੀ ਮੱਦਦ ਨਾਲ ਖੋਹਣੀਆਂ ਸ਼ੁਰੂ ਕਰ ਦਿੱਤੀਆਂ। ਇਸ ਤੋਂ ਭੜਕੇ ਚਾਲਕਾਂ ਨੇ ਟਿੱਪਰਾਂ ਖੜੀਆਂ ਕਰ ਕੇ ਰੋਡ ਜਾਮ ਕਰ ਦਿੱਤਾ।
ਟਿੱਪਰ ਚਾਲਕਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਹਿਮਾਚਲ ਪ੍ਰਦੇਸ਼ ਤੋਂ ਰੇਤਾ ਬੱਜਰੀ ਲੈ ਕੇ ਆਉਣ ਲਈ ਜੀਐੱਸਟੀ ਵਾਲਾ ਬਿੱਲ ਜ਼ਰੂਰੀ ਹੁੰਦਾ ਹੈ ਅਤੇ ਅਜਿਹੇ ਬਿੱਲ ਉਨ੍ਹਾਂ ਸਾਰਿਆਂ ਕੋਲ ਹਨ ਪਰ ਉਕਤ ਅਧਿਕਾਰੀ ਵੱਲੋਂ ਨਾਜਾਇਜ਼ ਵਸੂਲੀ ਕਰਨ ਲਈ ਟਿੱਪਰ ਚਾਲਕਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਮਾਈਨਿੰਗ ਅਧਿਕਾਰੀਆਂ ਦੀ ਗੁੰਡਾਗਰਦੀ ਨੂੰ ਨੱਥ ਨਾ ਪਾਈ ਤਾਂ ਉਹ ਸੂਬਾ ਪੱਧਰ ’ਤੇ ਸਰਕਾਰ ਖਿਲਾਫ਼ ਸੰਘਰਸ਼ ਵਿੱਢ ਦੇਣਗੇ। ਇਸ ਮੌਕੇ ਸਮਰਥਨ ਵਿੱਚ ਆਏ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ ਨੇ ਟਿੱਪਰ ਚਾਲਕਾਂ ਦੇ ਹਰ ਸੰਘਰਸ਼ ਵਿੱਚ ਸਾਥ ਦੇਣ ਦਾ ਐਲਾਨ ਕੀਤਾ ਹੈ। ਇਸ ਮੌਕੇ ਪੁੱਜੇ ਡੀਐਸਪੀ ਮੁਕੇਰੀਆਂ ਕੁਲਵਿੰਦਰ ਸਿੰਘ ਵਿਰਕ, ਐੱਸਡੀਓ ਮਾਈਨਿੰਗ ਰਾਜ ਕੁਮਾਰ ਵੱਲੋਂ ਧਰਨਾਕਾਰੀਆਂ ਨਾਲ ਮਸਲਾ ਨਜਿੱਠਣ ਲਈ ਗੱਲਬਾਤ ਕੀਤੀ ਜਾ ਰਹੀ ਸੀ। ਇਸ ਮੌਕੇ ਬਲਵਿੰਦਰ ਸਿੰਘ, ਤਰਲੋਚਨ ਸਿੰਘ, ਵਿਜੇ ਕੁਮਾਰ, ਲਖਵਿੰਦਰ ਸਿੰਘ, ਰਣਜੀਤ ਸਿੰਘ, ਪ੍ਰਕਾਸ਼ ਚੰਦ ਸਮੇਤ ਵੱਡੀ ਗਿਣਤੀ ਵਿੱਚ ਟਿੱਪਰ ਚਾਲਕ ਹਾਜ਼ਰ ਸਨ।
ਕੋਈ ਨਾਜਾਇਜ਼ ਵਸੂਲੀ ਨਹੀਂ ਕੀਤੀ: ਜੇਈ
ਮਾਈਨਿੰਗ ਵਿਭਾਗ ਦੀ ਜੂਨੀਅਰ ਇੰਜੀਨੀਅਰ ਕੋਮਲਪ੍ਰੀਤ ਕੌਰ ਨੇ ਕਿਹਾ ਕਿ ਉਨ੍ਹਾਂ ਕੋਈ ਨਾਜਾਇਜ਼ ਵਸੂਲੀ ਨਹੀਂ ਕੀਤੀ। ਕੇਵਲ ਐਕਸ ਫਾਰਮ ਤੇ ਬਿੱਲ ਮੰਗੇ ਹਨ, ਟਿੱਪਰ ਚਾਲਕਾਂ ਵੱਲੋਂ ਦਸਤਾਵੇਜ਼ ਦਿਖਾਉਣ ਦੀ ਥਾਂ ਧਰਨਾ ਲਗਾ ਦਿੱਤਾ ਗਿਆ ਹੈ।