ਪੱਤਰ ਪ੍ਰੇਰਕ
ਆਦਮਪੁਰ ਦੋਆਬਾ (ਜਲੰਧਰ), 27 ਅਕਤੂਬਰ
ਜਲੰਧਰ ਸ਼ਹਿਰ ਵਿੱਚ ਵਧ ਰਹੀ ਆਵਾਜਾਈ ਤੇ ਲੱਗ ਰਹੇ ਜਾਮ ਕਾਰਨ ਆਮ ਲੋਕਾਂ ਕਾਫੀ ਦੁਖੀ ਨਜ਼ਰ ਆ ਰਹੇ ਹਨ। ਇਥੋਂ ਦੇ ਪੀਏਪੀ ਚੌਕ ਤੇ ਬੀਐੱਸਐੱਫ ਚੌਕ ਵਿੱਚ ਹਰ ਸਮੇਂ ਹੀ ਜਾਮ ਲੱਗਾ ਰਹਿੰਦਾ ਹੈ ਤੇ ਇੱਕ ਕਿਲੋਮੀਟਰ ਦੇ ਸਫਰ ਨੂੰ 30 ਮਿੰਟ ਤੋਂ ਵੱਧ ਸਮਾਂ ਲੱਗ ਜਾਂਦਾ ਹੈ। ਇਸੇ ਤਰ੍ਹਾਂ ਡਾ. ਅੰਬੇਦਕਰ ਚੌਕ (ਨਕੋਦਰ ਚੌਕ) ਵਿੱਚ ਵੀ ਕਾਫੀ ਜਾਮ ਰਹਿਣ ਕਾਰਨ ਲੋਕ ਪ੍ਰੇਸ਼ਾਨ ਹੁੰਦੇ ਹਨ। ਕਿਉਂਕਿ ਇਸ ਚੌਕ ਰਾਹੀਂਂ ਹੀ ਨਕੋਦਰ, ਕਪੂਰਥਲਾ ਅਤੇ ਬਿੱਧੀਪੁਰ ਨੂੰ ਵਾਹਨ ਚਾਲਕ ਜਾਂਦੇ ਹਨ। ਨਕੋਦਰ ਵਿੱਚ ਅਧਿਆਪਕ ਲੱਗੇ ਹਰਨੇਕ ਸਿੰਘ ਨੇ ਦੱਸਿਆ ਕਿ ਇਸ ਚੌਕ ਵਿੱਚ ਨਿੱਤ ਹੀ ਜਾਮ ਲੱਗਣ ਕਾਰਨ ਉਹ ਇੱਕ ਘੰਟਾ ਘਰੋਂ ਪਹਿਲਾਂ ਹੀ ਨਿਕਲਦੇ ਹਨ।
ਉਨ੍ਹਾਂ ਦੱਸਿਆ ਕਿ ਇਹ ਜਾਮ ਗੁਰੂ ਨਾਨਕ ਮਿਸ਼ਨ ਚੌਕ ਤੋਂ ਸ਼ੁਰੂ ਹੋ ਕੇ ਪਿੰਡ ਲਾਂਬੜਾਂ ਤੱਕ ਰਹਿੰਦਾ। ਇਸੇ ਤਰ੍ਹਾਂ ਕੰਪਨੀ ਬਾਗ ਤੋਂ ਪੁਰਾਣੀ ਜੇਲ੍ਹ ਰੋਡ ’ਤੇ ਵੀ ਇਹੀ ਸਥਿਤੀ ਹੈ। ਜਿਸ ਦਾ ਮੁੱਖ ਕਾਰਨ ਲੋਕਾਂ ਵੱਲੋਂ ਵਾਹਨਾਂ ਨੂੰ ਪਾਰਕਿੰਗ ਵਿੱਚ ਖੜ੍ਹੇ ਕਰਨ ਦੀ ਬਜਾਏ ਸੜਕ ’ਤੇ ਹੀ ਖੜ੍ਹੇ ਕਰਕੇ ਸ਼ਹਿਰ ਵਿੱਚ ਖਰੀਦਦਾਰੀ ਕਰਨ ਚਲੇ ਜਾਣਾ ਹੈ। ਸ਼ਹਿਰ ਦੇ ਹੋਰ ਚੌਕ ਜਿਵੇਂ ਪਟੇਲ ਚੌਕ, ਵਰਕਸ਼ਾਪ ਚੌਕ, ਕਪੂਰਥਲਾ ਚੌਕ ਵਿੱਚ ਵੀ ਇਹੀ ਸਥਿਤੀ ਹੈ। ਟਰੈਫਿਕ ਪੁਲੀਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਸ਼ਹਿਰ ਵਿੱਚ ਸੁਚਾਰੂ ਢੰਗ ਨਾਲ ਆਵਾਜਾਈ ਚਲਾਉਣ ਲਈ 100 ਤੋਂ ਵੱਧ ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਗਏ ਤੇ ਆਵਾਜਾਈ ਦੇ ਨਿਯਮਾਂ ਦੀ ਉਲੰਘਨਾ ਕਰਨ ਵਾਲੇ ਵਾਹਨ ਚਾਲਕਾਂ ਦੇ ਚਲਾਨ ਵੀ ਕੱਟੇ ਜਾਂਦੇ ਹਨ। ਪਰ ਸ਼ਹਿਰ ਵਿੱਚ ਵਧ ਰਹੀ ਵਾਹਨਾਂ ਦੀ ਗਿਣਤੀ ਵੀ ਜਾਮ ਲੱਗਣ ਦਾ ਕਾਰਨ ਹੈ।