ਜਸਬੀਰ ਸਿੰਘ ਚਾਨਾ
ਫਗਵਾੜਾ, 4 ਅਪਰੈਲ
ਫਗਵਾੜਾ-ਜਲੰਧਰ ਜੀ.ਟੀ.ਰੋਡ ’ਤੇ ਪਿੰਡ ਮੇਹਟਾਂ ਲਾਗੇ ਅੱਜ ਮੋਟਰਸਾਈਕਲ ’ਤੇ ਜਾ ਰਹੇ ਇੱਕ ਨੌਜਵਾਨ ਦੇ ਮਗਰੋਂ ਮੋਟਰਸਾਈਕਲ ਸਵਾਰ ਚਾਲਕਾਂ ਨੇ ਗੋਲੀ ਮਾਰ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ ਤੇ ਮੌਕੇ ਤੋਂ ਫ਼ਰਾਰ ਹੋ ਗਏ। ਗੋਲੀ ਲੱਕ ਵਿੱਚ ਵੱਜੀ ਹੈ। ਜ਼ਖ਼ਮੀ ਹੋਏ ਵਿਅਕਤੀ ਨੂੰ ਫਗਵਾੜਾ ਦੇ ਸਿਵਲ ਹਸਪਤਾਲ ਵਿਖੇ ਇਲਾਜ ਲਈ ਲਿਆਂਦਾ ਗਿਆ ਜਿਥੇ ਡਾਕਟਰਾਂ ਨੇ ਮੁੱਢਲੀ ਸਹਾਇਤਾ ਦੇਣ ਮਗਰੋਂ ਗੰਭੀਰ ਹਾਲਤ ਨੂੰ ਦੇਖਦਿਆਂ ਜਲੰਧਰ ਦੇ ਜੌਹਲ ਹਸਪਤਾਲ ਰੈਫਰ ਕਰ ਦਿੱਤਾ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਜ਼ਖ਼ਮੀ ਵਿਅਕਤੀ ਦੀ ਪਛਾਣ ਵਿਪਨ ਕੁਮਾਰ ਪੁੱਤਰ ਬਿੱਲਾ ਰਾਮ ਵਾਸੀ ਪਿੰਡ ਹਰਦਾਸਪੁਰ ਵਜੋਂ ਹੋਈ ਹੈ। ਘਟਨਾ ਦੀ ਸੂਚਨਾ ਮਿਲਦੇ ਸਾਰ ਐੱਸ.ਐਸ.ਪੀ. ਦਯਾਮਾ ਹਰੀਸ਼ ਓਮ ਪ੍ਰਕਾਸ਼, ਐਸ.ਪੀ ਹਰਿੰਦਰਪਾਲ ਸਿੰਘ ਪਰਮਾਰ, ਡੀ.ਐਸ.ਪੀ. ਅਸ਼ਰੂ ਰਾਮ ਸ਼ਰਮਾ, ਐਸ.ਐਚ.ਓ ਸਤਨਾਮਪੁਰਾ ਹਰਜੀਤ ਸਿੰਘ ਮੌਕੇ ’ਤੇ ਪੁੱਜੇ ਤੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਹਮਲਾਵਰ ਸਪਲੈਂਡਰ ’ਤੇ ਸਨ ਫ਼ਰਾਰ ਜ਼ਖਮੀ ਨੌਜਵਾਨ ਨੇ ਦੱਸਿਆ ਕਿ ਹਮਲਾਵਾਰ ਸਪਲੈਂਡਰ ਮੋਟਰਸਾਈਕਲ ’ਤੇ ਸਵਾਰ ਸਨ ਜਿਨ੍ਹਾਂ ’ਚੋਂ ਮੋਨਾ ਨੌਜਵਾਨ ਮੋਟਰਸਾਈਕਲ ਚਲਾ ਰਿਹਾ ਸੀ ਤੇ ਪਿੱਛੇ ਬੈਠੇ ਸਰਦਾਰ ਨੌਜਵਾਨ ਨੇ ਉਸਦੇ ਪਿੱਛਿਓਂ ਗੋਲੀ ਚਲਾਈ ਹੈ ਤੇ ਉਸ ਪਾਸ ਦੇਸੀ ਕੱਟਾ ਸੀ। ਚਹੇੜੂ ਚੌਂਕੀ ਇੰਚਾਰਜ ਬਲਬੀਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲੀਸ ਨੇ ਜ਼ਖਮੀ ਨੌਜਵਾਨ ਦੇ ਭਰਾ ਲਵਪ੍ਰੀਤ ਸਿੰਘ ਦੇ ਬਿਆਨਾ ’ਤੇ ਧਾਰਾ 307 ਆਈ.ਪੀ.ਸੀ ਤਹਿਤ ਕੇਸ ਦਰਜ ਕੀਤਾ ਹੈ।