ਤਲਵਾੜਾ (ਦੀਪਕ ਠਾਕੁਰ): ਇੱਥੇ ਤਲਵਾੜਾ-ਦੌਲਤਪੁਰ ਮੁੱਖ ਸੜਕ ’ਤੇ ਪੈਂਦੇ ਪਿੰਡ ਭੰਬੋਤਾੜ ਨੇੜੇ ਦੇਰ ਰਾਤ ਵਾਪਰੇ ਸੜਕ ਹਾਦਸੇ ’ਚ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਗਈ ਹੈ ਜਦਕਿ ਮੋਟਰਸਾਈਕਲ ’ਤੇ ਮਗਰ ਬੈਠਾ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ। ਏਐੱਸਆਈ ਸੁਭਾਸ਼ ਕੁਮਾਰ ਨੇ ਦੱਸਿਆ ਕਿ ਲੰਘੇ ਕੱਲ੍ਹ ਦੇਰ ਰਾਤ ਸਤਵੀਰ ਸਿੰਘ ਉਰਫ਼ ਕਾਕਾ ਪਹਿਲਵਾਨ ਆਪਣੇ ਦੋਸਤ ਘਣਸ਼ਾਮ ਭਾਰਦਵਾਜ ਨਾਲ ਬੁਲੇਟ ਮੋਟਰਸਾਈਕਲ ’ਤੇ ਸਵਾਰ ਹੋ ਕੇ ਪਿੰਡ ਬਰਿੰਗਲੀ ਜਾ ਰਹੇ ਸਨ। ਇਸੇ ਦੌਰਾਨ ਸਤਿਸੰਗ ਘਰ ਭੰਬੋਤਾੜ ਕੋਲ ਦੌਲਤਪੁਰ ਪਾਸਿਓਂ ਆ ਰਹੀ ਹਿਮਾਚਲ ਪ੍ਰਦੇਸ਼ ਨੰਬਰੀ ਇਨੋਵਾ ਗੱਡੀ ਨਾਲ ਸਿੱਧੀ ਟੱਕਰ ਹੋ ਗਈ। ਹਾਦਸੇ ’ਚ ਮੋਟਰਸਾਈਕਲ ਸਵਾਰ ਸਤਵੀਰ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਮਗਰ ਬੈਠੇ ਘਣਸ਼ਾਮ ਭਾਰਦਵਾਜ ਗੰਭੀਰ ਜ਼ਖ਼ਮੀ ਹੋ ਗਿਆ, ਜੋ ਹਸਪਤਾਲ ’ਚ ਜ਼ੇਰੇ ਇਲਾਜ ਹੈ। ਤਲਵਾੜਾ ਪੁਲੀਸ ਨੇ ਮ੍ਰਿਤਕ ਦੀ ਪਤਨੀ ਸੁਜਾਤਾ ਦੇਵੀ ਦੇ ਬਿਆਨਾਂ ’ਤੇ ਇਨੋਵਾ ਗੱਡੀ ਚਾਲਕ ਵੀਰ ਸਿੰਘ ਪੁੱਤਰ ਪ੍ਰਸ਼ੋਤਮ ਲਾਲ ਪਿੰਡ ਰੱਪੜ ਤਹਿਸੀਲ ਨੂਰਪੁਰ ਥਾਣਾ ਗੰਗਥ ਜ਼ਿਲ੍ਹਾ ਕਾਂਗੜਾ (ਹਿ.ਪ੍ਰ) ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ। ਮ੍ਰਿਤਕ ਸਤਵੀਰ ਸਿੰਘ ਇਲਾਕੇ ਦਾ ਪਹਿਲਵਾਨ ਸੀ। ਉਸ ਦਾ ਡੇਢ ਸਾਲ ਪਹਿਲਾਂ ਵਿਆਹ ਹੋਇਆ ਸੀ ਅਤੇ ਇੱਕ ਛੇ ਮਹੀਨੇ ਦਾ ਲੜਕਾ ਵੀ ਹੈ।