ਜਗਜੀਤ ਸਿੰਘ
ਮੁਕੇਰੀਆਂ, 23 ਦਸੰਬਰ
ਇਥੋਂ ਨੇੜਲੇ ਕਸਬਾ ਭੰਗਾਲਾ ਦੇ ਪਿੰਡ ਮੰਝਪੁਰ ਦੇ ਗੁਰਦੁਆਰਾ ਸਰਬ ਧਰਮ ਪ੍ਰਕਾਸ਼ ਵਿੱਚ ਚੱਲ ਰਹੇ ਲੜੀਵਾਰ ਸਮਾਗਮਾਂ ਤਹਿਤ ਲੰਗਰ ਦੇ ਪਦਾਰਥਾਂ ਵਿੱਚ ਵਿੱਚ ਕੋਈ ਜ਼ਹਿਰੀਲਾ ਪਦਾਰਥ ਮਿਲ ਜਾਣ ਕਾਰਨ ਕਰੀਬ 30 ਜਣੇ ਬਿਮਾਰ ਹੋ ਗਏ, ਜਿਨਾਂ ਵਿੱਚੋਂ 23 ਨੂੰ ਸਿਵਲ ਹਸਪਤਾਲ ਮੁਕੇਰੀਆਂ ਵਿੱਚ ਦਾਖਲ ਕਰਵਾਇਆ ਗਿਆ ਹੈ। ਇਨ੍ਹਾਂ ਵਿੱਚੋਂ ਕੁੱਝ ਦੀ ਹਾਲਤ ਗੰਭੀਰ ਹੋਣ ਕਾਰਨ ਡੀਐੱਮਸੀ ਲੁਧਿਆਣਾ ਅਤੇ ਕੁੱਝ ਨੂੰ ਨਿੱਜੀ ਹਸਪਤਾਲ ਵਿੱਚ ਰੈਫਰ ਕੀਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਗੁਰਦੁਆਰਾ ਸਾਹਿਬ ਵਿੱਚ ਚੱਲ ਰਹੇ ਧਾਰਮਿਕ ਸਮਾਗਮ ਦੌਰਾਨ ਅੱਜ ਸਵੇਰੇ ਸੇਵਾਦਾਰਾਂ ਨੇ ਲੰਗਰ ਛਕਿਆ ਤਾਂ ਸੇਵਾਦਾਰਾਂ ਦੀ ਤਬੀਅਤ ਅਚਾਨਕ ਖਰਾਬ ਹੋਣ ਲੱਗੀ। ਜਦੋਂ ਬਿਮਾਰਾਂ ਨੂੰ ਹਸਪਤਾਲ ਲਿਜਾਇਆ ਜਾਣ ਲੱਗਾ ਤਾਂ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਣ ਲੱਗੀ। 23 ਮਰੀਜ਼ ਸਿਵਲ ਹਸਪਤਾਲ ਲਿਆਂਦੇ ਗਏ, ਜਿਨ੍ਹਾਂ ਵਿਚੋਂ ਇਕ ਦੀ ਹਾਲਤ ਗੰਭੀਰ ਹੋਣ ਕਾਰਨ ਡੀਐੱਮਸੀ ਲੁਧਿਆਣਾ ਤੇ ਦੂਜੇ ਨੂੰ ਸ਼ਹਿਰ ਦੇ ਨਿੱਜੀ ਹਸਪਤਾਲ ਵਿੱਚ ਰੈਫਰ ਕੀਤਾ ਗਿਆ ਹੈ। ਸਿਵਲ ਹਸਪਤਾਲ ਦੇ ਐੱਸਐੱਮਓ ਡਾਕਟਰ ਜੀ ਪੀ ਸਿੰਘ ਨੇ ਦੱਸਿਆ ਕਿ ਬਿਮਾਰ ਹੋਣ ਵਾਲੇ ਸਾਰੇ ਸੇਵਾਦਾਰ ਹਨ ਅਤੇ ਸਵੇਰ ਦੇ ਨਾਸ਼ਤੇ ਵਿੱਚ ਫੂਡ ਪੁਆਇਜਿੰਨਿੰਗ ਦੀ ਸ਼ਿਕਾਇਤ ਹੋਣ ਕਾਰਨ ਉਲਟੀਆਂ ਤੇ ਚੱਕਰ ਆਉਣ ਤੇ 20 ਤੋਂ ਵੱਧ ਮਰੀਜ਼ ਸਿਵਲ ਹਸਪਤਾਲ ਲਿਆਂਦੇ ਗਏ ਸਨ। ਮੁੱਢਲੀ ਜਾਂਚ ਵਿਚ ਕੋਈ ਵੱਡੀ ਗੱਲ ਸਾਹਮਣੇ ਨਹੀਂ ਆਈ, ਪਰ ਇਸਦੀ ਜਾਣਕਾਰੀ ਉਚ ਅਧਿਕਾਰੀਆਂ ਨੂੰ ਭੇਜ ਦਿੱਤੀ ਗਈ ਹੈ।