ਜਸਬੀਰ ਸਿੰਘ ਚਾਨਾ
ਫਗਵਾੜਾ, 21 ਜੁਲਾਈ
ਇੱਥੇ ਅੱਜ ਸਵੇਰ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ਇੱਥੋਂ ਦੇ ਪਿੰਡ ਮੌਲੀ ਦੇ ਸਰਕਾਰੀ ਸੀਨੀਅਰ ਸਮਾਰਟ ਸੈਕੰਡਰੀ ਸਕੂਲ ਦੇ ਕਮਰਿਆਂ ’ਚ ਪਾਣੀ ਵੜ ਗਿਆ ਜਿਸ ਕਾਰਨ ਬੱਚਿਆਂ ਨੂੰ ਹੋਰਾਂ ਕਮਰਿਆਂ ’ਚ ਤਬਦੀਲ ਕਰਨਾ ਪਿਆ। ਇੱਥੋਂ ਦੇ ਮੌਲੀ ਸਕੂਲ ਵਿਖੇ ਹਾਲਾਤ ਇਹ ਹਨ ਕਿ ਸਕੂਲਾਂ ਦੇ ਕਮਰੇ ਮਿੱਟੀ ਦੇ ਬਣੇ ਹਨ ਤੇ ਉੱਪਰ ਇੱਕ ਮੰਜ਼ਿਲ ਹੋਰ ਹੈ ਜਿਸ ਕਾਰਨ ਬਿਲਡਿੰਗ ਦੇ ਡਿੱਗਣ ਦਾ ਖਤਰਾ ਬਣਿਆ ਹੋਇਆ ਹੈ।
ਅੱਜ ਪਿੰਡ ਵਾਸੀਆਂ ਨੇ ਦੱਸਿਆ ਕਿ ਸਕੂਲ ਦੇ ਕਮਰਿਆਂ ਦੀਆਂ ਛੱਤਾਂ ਨੀਵੀਂਆਂ ਹਨ ਤੇ ਖੇਤਾਂ ’ਚੋਂ ਪਾਣੀ ਕਮਰਿਆਂ ’ਚ ਜਾ ਵੜਦਾ ਹੈ ਜਿਸ ਨਾਲ ਕਾਫ਼ੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਸ ਸਬੰਧੀ ਜਦੋਂ ਸਕੂਲ ਪ੍ਰਿੰਸੀਪਲ ਸੀਮਾ ਮਿਨਹਾਸ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਬਿਲਡਿੰਗ ਦੀ ਖਸਤਾ ਹਾਲਤ ਸਬੰਧੀ ਪਹਿਲਾਂ ਵੀ ਵਿਭਾਗ ਨੂੰ ਸੂਚਿਤ ਕੀਤਾ ਜਾ ਚੁੱਕਿਆ ਹੈ ਅਤੇ ਮੌਜੂਦਾ ਵਿਧਾਇਕ ਦੇ ਵੀ ਧਿਆਨ ’ਚ ਲਿਆ ਚੁੱਕੇ ਹਨ ਪਰ ਕੋਈ ਹੱਲ ਨਹੀਂ ਹੋ ਸਕਿਆ। ਉਨ੍ਹਾਂ ਦੱਸਿਆ ਕਿ ਸਕੂਲ ’ਚ ਕੁੱਲ 265 ਬੱਚੇ ਪੜ੍ਹਦੇ ਹਨ। ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਸ ਸਕੂਲ ਦੀ ਹਾਲਤ ਨੂੰ ਸੁਧਾਰਨ ਲਈ ਯਤਨ ਕੀਤਾ ਜਾਵੇ ਤਾਂ ਜੋ ਕਿਸੇ ਸਮੇਂ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ।