ਨਿੱਜੀ ਪੱਤਰ ਪ੍ਰੇਰਕ
ਬਲਾਚੌਰ, 11 ਜੂਨ
ਸੂਰੀ ਹਸਪਤਾਲ ਬਲਾਚੌਰ ਵਿੱਚ ਇਨਕਲਾਬੀ ਕਵੀ ਡਾ. ਚੀ ਗਵੇਰਾ ਦੇ ਜਨਮ ਦਿਨ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਡਾ. ਬਲਕਾਰ ਕਟਾਰੀਆ ਨੇ ਕੀਤੀ ਅਤੇ ਜਥੇਬੰਦੀ ਦੇ ਸੂਬਾਈ ਪ੍ਰਧਾਨ ਡਾ. ਰਮੇਸ਼ ਕੁਮਾਰ ਬਾਲੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਡਾ. ਰਮੇਸ਼ ਕੁਮਾਰ ਬਾਲੀ ਨੇ ਚੀ ਗਵੇਰਾ ਦੇ ਜੀਵਨ ਸਬੰਧੀ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਉਨ੍ਹਾਂ ਪੰਜਾਬ ਸਰਕਾਰ ਤੋਂ ਇਹ ਵੀ ਮੰਗ ਕੀਤੀ ਕਿ ਪੰਜਾਬ ਵਿੱਚ ਖੋਲ੍ਹੇ ਜਾ ਰਹੇ ਮੁਹੱਲਾ ਕਲੀਨਿਕਾਂ ਵਿੱਚ ਯੋਗਤਾ ਅਤੇ ਤਜਰਬੇ ਦੇ ਆਧਾਰ ’ਤੇ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਭਰਤੀ ਕੀਤਾ ਜਾਵੇ। ਜਥੇਬੰਦੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਗੜ੍ਹੀ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੂਰੀ ਹਸਪਤਾਲ ਅਤੇ ਸੂਰੀ ਸਕੈਨ ਸੈਂਟਰ ਦੇ ਮਾਲਕ ਡਾ. ਭੁਪਿੰਦਰ ਸਿੰਘ ਸੂਰੀ ਅਤੇ ਡਾ. ਅਮਨਦੀਪ ਕੌਰ ਸੂਰੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਲੋੜਵੰਦ ਲੋਕਾਂ ਨੂੰ ਮੁਫਤ ਮੈਡੀਕਲ ਸਹੂਲਤਾਂ ਦੇਣ ਦੇ ਨਾਲ-ਨਾਲ ਘੱਟ ਰੇਟਾਂ ’ਤੇ ਸਕੈਨ ਟੈਸਟ ਵੀ ਕੀਤੇ ਜਾਂਦੇ ਹਨ। ਇਸ ਮੌਕੇ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਡਾ. ਭੁਪਿੰਦਰ ਸਿੰਘ ਪ੍ਰਧਾਨ ਨਵਾਂ ਸ਼ਹਿਰ, ਡਾ. ਮੰਗਤ ਰਾਏ ਪ੍ਰਧਾਨ ਬਲਾਚੌਰ, ਡਾ. ਜਸਬੀਰ ਸਿੰਘ ਪ੍ਰਧਾਨ ਸੜੋਆ, ਡਾ. ਕਸ਼ਮੀਰ ਸਿੰਘ ਛਦੌੜੀ ਅਤੇ ਡਾ. ਅੰਮ੍ਰਿਤ ਲਾਲ ਪ੍ਰਧਾਨ ਬੰਗਾ ਆਦਿ ਪਤਵੰਤੇ ਵੀ ਮੌਜੂਦ ਸਨ।