ਸੁਰਜੀਤ ਮਜਾਰੀ
ਬੰਗਾ, 11 ਅਕਤੂਬਰ
ਭਾਰਤੀ ਕਮਿਊਨਿਸਟ ਪਾਰਟੀ (ਮਾਕਸਵਾਦੀ) ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਨਿੱਜੀ ਹੱਥਾਂ ’ਚ ਖੇਡ ਰਹੀਂ ਭਾਰਤੀ ਜਨਤਾ ਪਾਰਟੀ ਨੇ ਦੇਸ਼ ਨੂੰ ਮੰਦੇ ਹਾਲੀਂ ਕਰਨ ਲਈ ਕੋਈ ਕਸਰ ਨਹੀਂ ਛੱਡੀ। ਉਹ ਗੋਬਿੰਦਪੁਰ ਦੇ ਮਾਸਟਰ ਕਾਬਲ ਸਿੰਘ ਹਾਲ ’ਚ ਪਾਰਟੀ ਵਰਕਰਾਂ ਦੇ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਮਹਿੰਗੇ ਪਹਿਰਾਵਿਆਂ ’ਚ ਲਿਪਟੀ ਮੋਦੀ ਸਰਕਾਰ ਮਹਿਜ਼ ਬਿਆਨਾਂ ਤੱਕ ਸਿਮਟ ਕੇ ਰਹਿ ਗਈ ਹੈ ਜਦ ਕਿ ਉਸ ਦੀ ਹੁਣ ਤੱਕ ਦੀ ਕਾਰਗੁਜ਼ਾਰੀ ਦਾ ਲੋਕ ਸਮੱਸਿਆਵਾਂ ਨਾਲ ਕੋਈ ਸਰੋਕਾਰ ਜੁੜਿਆ ਨਜ਼ਰ ਨਹੀਂ ਆਇਆ। ਉਹ ਇੱਥੇ ਤ੍ਰਿਪੁਰਾ ਦੇ ਪਾਰਟੀ ਵਰਕਰਾਂ ਲਈ ਪੰਜਾਬੀ ਭਾਈਚਾਰੇ ਵਲੋਂ ਇੱਕਤਰ ਆਰਥਿਕ ਮੱਦਦ ਪ੍ਰਾਪਤ ਕਰਨ ਪੁੱਜੇ ਸਨ। ਉਹਨਾਂ ਤ੍ਰਿਪੁਰਾ ’ਚ ਹਾਕਮ ਜਮਾਤ ਵਲੋਂ ਪਾਰਟੀ ਵਰਕਰਾਂ ਨਾਲ ਕੀਤੀਆਂ ਜਾ ਰਹੀਆਂ ਵਧੀਕੀਆਂ ਦੀ ਨਿੰਦਾ ਕਰਦਿਆਂ ਕਿਹਾ ਕਿ ਆਰਐੱਸਐੱਸ ਦੀ ਸ਼ਹਿ ’ਤੇ ਸਿੱਧੇ ਤੇ ਅਸਿੱਧੇ ਰੂਪ ’ਚ ਦੇਸ਼ ਦੇ ਹੋ ਰਹੇ ਭਗਵਾਂਕਰਨ ਖਿਲਾਫ਼ ਡਟ ਕੇ ਲੜਾਈ ਲੜਨ ਦੀ ਲੋੜ ਹੈ।
ਕਿਸਾਨੀ ਘੋਲ ਦੀ ਹਮਾਇਤ ’ਚ ਬੋਲਦਿਆਂ ਕਾਮਰੇਡ ਸੋਖੇਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵਲੋਂ ਉਲੀਕੇ ਕੈਂਡਲ ਮਾਰਚ, ਪੁਤਲਾ ਫੂਕ ਮੁਜ਼ਾਹਰੇ ਅਤੇ ਰੇਲ ਰੋਕੋ ਪ੍ਰੋਗਰਾਮ ਦਾ ਉਨ੍ਹਾਂ ਦੀ ਪਾਰਟੀ ਵਲੋਂ ਪੂਰਨ ਸਮਰੱਥਨ ਦਾ ਪਹਿਲਾਂ ਹੀ ਐਲਾਨ ਕੀਤਾ ਗਿਆ ਹੈ। ਇਸ ਮੌਕੇ ਪਾਰਟੀ ਦੇ ਸੂਬਾਈ ਆਗੂ ਕਾਮਰੇਡ ਰਾਮ ਸਿੰਘ ਨੂਰਪੁਰੀ, ਜ਼ਿਲ੍ਹਾ ਕਮੇਟੀ ਮੈਂਬਰ ਰੌਸ਼ਨ ਲਾਲੀ, ਨੰਬਰਦਾਰ ਗਿਆਨ ਸਿੰਘ, ਨਿਰਮਲ ਸਿੰਘ ਕਾਲੀਰਾਏ, ਚਰਨ ਦਾਸ, ਗੁਰਦੇਵ ਕੌਰ, ਸੰਦੀਪ ਕੌਰ, ਰਾਜਿੰਦਰ ਕੌਰ ਆਦਿ ਸ਼ਾਮਲ ਸਨ।