ਮੋਦੀ ਸਰਕਾਰ ਨੇ ‘ਜੈ ਜਵਾਨ-ਜੈ ਕਿਸਾਨ’ ਦੇ ਨਾਅਰੇ ਨੂੰ ਮਿੱਟੀ ’ਚ ਰੋਲਿਆ: ਪਰਗਟ ਸਿੰਘ

ਮੋਦੀ ਸਰਕਾਰ ਨੇ ‘ਜੈ ਜਵਾਨ-ਜੈ ਕਿਸਾਨ’ ਦੇ ਨਾਅਰੇ ਨੂੰ ਮਿੱਟੀ ’ਚ ਰੋਲਿਆ: ਪਰਗਟ ਸਿੰਘ

ਬੰਗਾ ਚੌਕ ਵਿੱਚ ਦਿੱਤੇ ਧਰਨੇ ਮੌਕੇ ਸੰਬੋਧਨ ਕਰਦੇ ਬੀਬੀ ਨਿਮਿਸ਼ਾ ਮਹਿਤਾ।

ਪਾਲ ਸਿੰਘ ਨੌਲੀ
ਜਲੰਧਰ, 21 ਸਤੰਬਰ

ਖੇਤੀ ਬਿੱਲ ਪਾਸ ਹੋਣ ਤੋਂ ਬਾਅਦ ਜਲੰਧਰ ਵਿੱਚ 9 ਵਿਧਾਨ ਸਭਾ ਹਲਕਿਆਂ ਵਿੱਚ ਮੁਜ਼ਾਹਰੇ ਕੀਤੇ ਗਏ। ਜਲੰਧਰ ਛਾਉਣੀ ਵਿਧਾਨ ਸਭਾ ਹਲਕੇ ਦਾ ਮੁਜ਼ਾਹਰਾ ਕੁੱਕੜ ਪਿੰਡ ਵਿੱਚ ਵਿਧਾਇਕ ਪਰਗਟ ਸਿੰਘ ਦੀ ਅਗਵਾਈ ਹੇਠ ਕੀਤਾ ਗਿਆ। ਕੇਂਦਰੀ ਵਿਧਾਨ ਸਭਾ ਹਲਕੇ ਦਾ ਪ੍ਰਦਰਸ਼ਨ ਡੀਸੀ ਦਫਤਰ ਅੱਗੇ ਵਿਧਾਇਕ ਰਾਜਿੰਦਰ ਬੇਰੀ ਦੀ ਅਗਵਾਈ ਹੇਠ ਕੀਤਾ ਗਿਆ। ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੇ ਵਿਧਾਇਕ ਸੁਸ਼ੀਲ ਰਿੰਕੂ ਨੇ 120 ਫੁੱਟੀ ਰੋਡ ’ਤੇ ਬਾਬੂ ਜਗਜੀਵਨ ਰਾਮ ਚੌਕ, ਉੱਤਰੀ ਹਲਕੇ ਦੇ ਵਿਧਾਇਕ ਬਾਵਾ  ਅਵਤਾਰ  ਹੈਨਰੀ ਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਸੋਢਲ ਚੌਕ ਵਿੱਚ ਮੁਜ਼ਾਹਰਾ ਕੀਤਾ ਗਿਆ। ਸਾਬਕਾ ਓਲੰਪੀਅਨ ਤੇ ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਕੇਂਦਰ ਦੀ ਐੱਨਡੀਏ ਸਰਕਾਰ ਨੇ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿੱਚ ਖੇਡਦਿਆਂ ਖੇਤੀ ਸੁਧਾਰਾਂ ਦੇ ਨਾਂ ’ਤੇ ਪਾਸ ਕੀਤੇ ਬਿੱਲਾਂ ਨਾਲ ਕਿਸਾਨਾਂ ਦਾ ਗਲ ਘੁੱਟ ਦਿੱਤਾ ਹੈ। ਉਨ੍ਹਾਂ ਕੇਂਦਰ ਸਰਕਾਰ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਕੇਂਦਰ ਦੀ ਸਰਕਾਰ ਨੇ ‘ਜੈ ਜਵਾਨ ਜੈ ਕਿਸਾਨ’ ਦੇ ਨਾਅਰੇ ਨੂੰ ਮਿੱਟੀ ਵਿੱਚ ਮਿਲਾ ਕੇ ਰੱਖ ਦਿੱਤਾ ਹੈ। ਵਿਧਾਇਕ ਸੁਸ਼ੀਲ ਰਿੰਕੂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਜਿਹੜੀ ਵੀ ਪਾਰਟੀ ਆਪਣੇ ਆਪ ਨੂੰ ਕਿਸਾਨਾਂ ਦੀ ਹਿਤੈਸ਼ੀ ਅਖਵਾਉਣ ਤੋਂ ਨਹੀਂ ਸੀ ਥੱਕਦੀ, ਉਸ ਨੂੰ ਕਿਸਾਨਾਂ ਦੇ ਹੱਕਾਂ ਲਈ ਮੈਦਾਨ ਵਿੱਚ ਉਤਰਨਾ ਚਾਹੀਦਾ ਸੀ ਪਰ ਉਹ ਇੱਕ ਵਜ਼ੀਰੀ ਦੀ ਖਾਤਰ ਕੁਰਸੀ ਨੂੰ ਚਿੰਬੜੀ ਰਹੀ ਤੇ ਜਦੋਂ ਕਿਸਾਨਾਂ ਦਾ ਰੋਹ ਵਧਿਆ ਤਾਂ ਮਜਬੂਰੀਵੱਸ ਅਸਤੀਫ਼ਾ ਦੇ ਦਿੱਤਾ।

ਗੜ੍ਹਸ਼ੰਕਰ ਵਿੱਚ ਚੱਕਾ ਜਾਮ

ਗੜ੍ਹਸ਼ੰਕਰ (ਜੇ ਬੀ ਸੇਖੋਂ): ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਆਰਡੀਨੈਂਸਾਂ ਦੇ ਵਿਰੋਧ ਵਿੱਚ ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਦੀ ਤਰਜ਼ਮਾਨ ਬੀਬੀ ਨਿਮਿਸ਼ਾ ਮਹਿਤਾ ਦੀ ਅਗਵਾਈ ਹੇਠ ਕਾਂਗਰਸੀ ਵਰਕਰਾਂ ਨੇ ਸਥਾਨਕ ਬੰਗਾ ਚੌਕ ਵਿੱਚ ਕਰੀਬ ਇੱਕ ਘੰਟੇ ਲਈ ਆਵਾਜਾਈ ਠੱਪ ਕੀਤੀ ਅਤੇ ਕੇਂਦਰ ਸਰਕਾਰ ਵਿਰੁੱਧ ਜੰਮ ਕੇ ਭੜਾਸ ਕੱਢੀ। ਇਸ ਮੌਕੇ ਬੀਬੀ ਮਹਿਤਾ ਨੇ ਅਕਾਲੀ ਦਲ ਨੂੰ ਵੰਗਾਰਦਿਆਂ ਕਿਹਾ ਕਿ ਸੰਸਦ ਵਿੱਚ ਜਦੋਂ ਖੇਤੀ ਆਰਡੀਨੈਂਸ ਦਾ ਮਤਾ ਆਇਆ ਸੀ ਤਾਂ ਅਕਾਲੀ ਦਲ ਚੁੱਪ ਰਿਹਾ ਅਤੇ ਇਸ ਮਗਰੋਂ ਵਿਸ਼ੇਸ਼ ਕਾਨਫਰੰਸ ਕਰ ਕੇ ਸੁਖਬੀਰ ਬਾਦਲ ਨੇ ਇਸ ਆਰਡੀਨੈਂਸ ਨੂੰ ਕਿਸਾਨ ਪੱਖੀ ਕਰਾਰ ਦਿੱਤਾ।  ਇਸ ਮੌਕੇ ਉਨ੍ਹਾਂ ਕੇਂਦਰ ਦੀ ਮੋਦੀ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਬੀਬੀ ਹਰਸਿਮਰਤ ਕੌਰ ਬਾਦਲ ਅਤੇ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All