ਪਾਲ ਸਿੰਘ ਨੌਲੀ
ਜਲੰਧਰ,17 ਜੁਲਾਈ
ਕੱਚੇ ਅਧਿਆਪਕਾਂ ਨੇ ਅੱਜ ਮੰਗਾਂ ਨੂੰ ਲੈ ਕੇ ਕਾਂਗਰਸੀ ਵਿਧਾਇਕ ਸ਼ੁਸ਼ੀਲ ਰਿੰਕੂ ਦਾ ਘਿਰਾਓ ਕੀਤਾ। ਇਨ੍ਹਾਂ ਅਧਿਆਪਕਾਂ ਨੇ ਮਾਡਲ ਹਾਊਸ ਜਾ ਕੇ ਜਿੱਥੇ ਵਿਧਾਇਕ ਰਿੰਕੂ ਨੂੰ ਮੰਗ ਪੱਤਰ ਦਿੱਤਾ। ਜਥੇਬੰਦੀ ਦੀ ਆਗੂ ਹਰਪ੍ਰੀਤ ਕੌਰ ਨੇ ਕਿਹਾ ਕਿ ਕੱਚੇ ਅਧਿਆਪਕ ਪਿਛਲੇ 18 ਸਾਲਾਂ ਤੋਂ ਸੜਕਾਂ ’ਤੇ ਧੱਕੇ ਖਾਹ ਰਹੇ ਹਨ। ਕਾਂਗਰਸ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਉਨ੍ਹਾਂ ਨੂੰ ਪੱਕੇ ਕਰਨ ਦਾ ਲਾਰਾ ਲਾਇਆ ਸੀ ਪਰ ਹੁਣ ਕਾਂਗਰਸ ਦੀ ਸਰਕਾਰ ਜਾਣ ਵਾਲੀ ਹੈ ਪਰ ਅਜੇ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆ ਗਈਆਂ। ਪ੍ਰਦਰਸ਼ਨ ਵਿੱਚ ਵੱਡੀ ਗਿਣਤੀ ਔਰਤ ਅਧਿਆਪਕਾਂ ਦੀ ਸੀ। ਉਹ ਵਾਰ-ਵਾਰ ਪੰਜਾਬ ਸਰਕਾਰ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਵਿਰੁੱਧ ਨਾਅਰੇਬਾਜ਼ੀ ਕਰ ਰਹੀਆਂ ਸਨ। ਅਧਿਆਪਕਾਂ ਦਾ ਕਹਿਣਾ ਸੀ ਕਿ ਮੁੱਖ ਮੰਤਰੀ ਪੰਜਾਬ ਦੇ ਸਲਾਹਕਾਰ ਕੈਪਟਨ ਸੰਧੂ ਨੇ ਬੁੱਧਵਾਰ ਨੂੰ ਹੋਣ ਵਾਲੀ ਮੰਤਰੀ ਮੰਡਲ ਦੀ ਮੀਟਿੰਗ ’ਚ ਉਨ੍ਹਾਂ ਦਾ ਮਸਲਾ ਹੱਲ ਕਰਨ ਦਾ ਲਾਰਾ ਲਾਇਆ ਹੋਇਆ ਹੈ। ਇਸ ਮੀਟਿੰਗ ਦੇ ਫੈਸਲੇ ਉਡੀਕਣ ਤੋਂ ਬਾਅਦ ਹੀ ਅਗਲੀ ਰਣਨੀਤੀ ਉਲੀਕੀ ਜਾਵੇਗੀ। ਅਧਿਆਪਕ ਆਗੂ ਹਰਪ੍ਰੀਤ ਕੌਰ ਨੇ ਵਿਧਾਇਕ ਰਿੰਕੂ ਨੂੰ ਮੰਗ ਪੱਤਰ ਦੇਣ ਸਮੇਂ ਕਿਹਾ ਕਿ ਕੱਚੇ ਅਧਿਆਪਕ ਸਾਲ 2003 ਤੋਂ ਸਿਰਫ 6000 ਰੁਪਏ ਤਨਖਾਹ ’ਤੇ ਕੰਮ ਕਰ ਰਹੇ ਹਨ। ਉਨ੍ਹਾਂ ਚੇਤਾਵਨੀ ਦਿੱਤੀ ਕਿ ਲਾਰਿਆਂ ਨਾਲ ਕੱਚੇ ਅਧਿਆਪਕਾਂ ਦੇ ਘਰ ਚੁੱਲ੍ਹੇ ਨਹੀਂ ਬਲਦੇ। 2022 ਦੀਆਂ ਵੋਟਾਂ ਦੌਰਾਨ ਉਹ ਵੀ ਆਪਣੀ ਤਾਕਤ ਦਿਖਾ ਦੇਣਗੇ।ਉਨ੍ਹਾਂ ਮੰਗ ਕੀਤੀ ਕਿ ਮੰਤਰੀ ਮੰਡਲ ਦੀ ਮੀਟਿੰਗ ਵਿੱਚ 8393 ਪ੍ਰੀ-ਪ੍ਰਾਇਮਰੀ ਪੋਸਟਾਂ `ਤੇ ਤਜ਼ਰਬੇ ਦੇ ਅਧਾਰ `ਤੇ ਕੱਚੇ ਅਧਿਆਪਕਾਂ ਨੂੰ ਪੱਕਿਆ ਕੀਤਾ ਜਾਵੇ।