ਨਿੱਜੀ ਪੱਤਰ ਪ੍ਰੇਰਕ
ਗੜ੍ਹਸ਼ੰਕਰ, 9 ਅਪਰੈਲ
ਇੱਥੋਂ ਦੇ ਨਜ਼ਦੀਕੀ ਪਿੰਡ ਪਾਹਲੇਵਾਲ ਵਿੱਚ ਬੀਤੀ ਤਿੰਨ ਅਪਰੈਲ ਨੂੰ ਇੱਕ ਕਿਰਤੀ ਪਰਿਵਾਰ ਦੀ ਸੂਣ ਵਾਲੀ ਮੱਝ ਪਿੰਡ ਦੇ ਟੋਭੇ ਵਿੱਚ ਡਿੱਗਣ ਦੀ ਖ਼ਬਰ ਪੰਜਾਬੀ ਟ੍ਰਿਬਿਊਨ ਵਿੱਚ ਛਪਣ ਮਗਰੋਂ ਪ੍ਰਸ਼ਾਸਨ ਅੱਜ ਹਰਕਤ ਵਿੱਚ ਆ ਗਿਆ। ਇਸ ਮੌਕੇ ਹਲਕਾ ਵਿਧਾਇਕ ਜੈ ਕਿਸ਼ਨ ਸਿੰਘ ਰੋੜੀ ਨੇ ਕਿਹਾ ਕਿ ਅੱਜ ਹੀ ਉਨ੍ਹਾਂ ਦੇ ਧਿਆਨ ਵਿੱਚ ਇਹ ਮਸਲਾ ਆਇਆ ਤੇ ਉਹ ਇੱਥੇ ਪਹੁੰਚੇ। ਉਨ੍ਹਾਂ ਨਾਇਬ ਤਹਿਸੀਲਦਾਰ ਗੜ੍ਹਸ਼ੰਕਰ ਅਤੇ ਬੀਡੀਪੀਓ ਦਫਤਰ ਗੜ੍ਹਸ਼ੰਕਰ ਵੱਲੋਂ ਪੁੱਜੇ ਜੇਈ ਮਦਨ ਲਾਲ ਤੇ ਹੋਰ ਅਧਿਕਾਰੀਆਂ ਨੂੰ ਤੁਰੰਤ ਬਣਦੀ ਕਾਰਵਾਈ ਕਰਨ ਅਤੇ ਟੋਭੇ ਦੀ ਸਫਾਈ ਦਾ ਕੰਮ ਸ਼ੁਰੂ ਕਰਨ ਲਈ ਕਿਹਾ। ਪ੍ਰਸ਼ਾਸਨਿਕ ਅਧਿਕਾਰੀਆਂ ਨੇ ਪੀੜਤ ਅਵਤਾਰ ਸਿੰਘ ਦੇ ਪਰਿਵਾਰ ਨੂੰ ਯੋਗ ਕਾਰਵਾਈ ਦਾ ਭਰੋਸਾ ਦਿੱਤਾ। ਇਸ ਮੌਕੇ ਸਰਪੰਚ ਚਰਨਜੀਤ ਕੌਰ ਸਮੂਹ ਪੰਚਾਇਤ ਮੈਂਬਰ,ਸਾਬਕਾ ਸਰਪੰਚ ਪ੍ਰੇਮ ਰਾਣਾ, ਰਾਜ ਕੁਮਾਰ ਰਾਣਾ, ਮੋਤੀ ਰਾਮ ਹਾਜ਼ਰ ਸਨ।