ਪੱਤਰ ਪ੍ਰੇਰਕ
ਦਸੂਹਾ, 6 ਮਈ
ਇਥੇ ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੀ ਸਥਾਨਕ ਇਕਾਈ ਦੇ ਵਫ਼ਦ ਵੱਲੋਂ ਇਲਾਕੇ ਦੀਆਂ ਸਮੱਸਿਆਵਾਂ ਦੇ ਮੱਦੇਨਜ਼ਰ ਪ੍ਰਧਾਨ ਅਮਰੀਕ ਸਿੰਘ ਗੱਗੀ ਠੁਕਰਾਲ ਦੀ ਅਗਵਾਈ ਹੇਠ ਵਿਧਾਇਕ ਐਡਵੋਕੇਟ ਕਰਮਬੀਰ ਸਿੰਘ ਘੁੰਮਣ ਨਾਲ ਮੁਲਾਕਾਤ ਕੀਤੀ ਗਈ। ਵਿਧਾਇਕ ਘੁੰਮਣ ਨੇ ਵਪਾਰ ਮੰਡਲ ਦੀਆਂ ਵੱਖ-ਵੱਖ ਟਰੇਡ ਯੂਨੀਆਨਾਂ ਦੇ ਨੁਮਾਇੰਦਿਆਂ ਸਣੇ ਛੋਟੇ-ਵੱਡੇ ਵਪਾਰੀਆਂ ਅਤੇ ਕਾਰੋਬਾਰੀਆਂ ਦੀਆਂ ਤਕਲੀਫਾਂ ਅਤੇ ਇਲਾਕੇ ਦੀਆਂ ਸਮੱਸਿਆਵਾਂ ਸੁਣੀਆਂ। ਇਸ ਦੌਰਾਨ ਵਪਾਰੀਆਂ ਵੱਲੋਂ ਸ਼ਹਿਰ ਦੀ ਬਦ ਤੋਂ ਬੱਦਤਰ ਬਣੀ ਟਰੈਫਿਕ ਵਿਵਸਥਾ, ਨਾਜਾਇਜ਼ ਕਬਜ਼ਿਆਂ ਦੀ ਭਰਮਾਰ, ਬਿਜਲੀ ਦੀਆਂ ਨੰਗੀਆਂ ਤਾਰਾਂ ’ਤੇ ਲਟਕੇ ਬਕਸਿਆਂ ਅਤੇ ਬਾਹਰਲੇ ਸੂਬਿਆਂ ਤੋਂ ਆਏ ਅਣਪਛਾਤੇ ਸ਼ੱਕੀ ਮਜ਼ਦੂਰਾਂ ਤੋਂ ਸੰਭਾਵਿਤ ਖਤਰਿਆਂ ਸਣੇ ਹੋਰਾਂ ਮੁੱਦਿਆਂ ਨੂੰ ਉਭਾਰਿਆ ਗਿਆ। ਐਡਵੋਕੇਟ ਘੁੰਮਣ ਨੇ ਵਪਾਰੀ ਵਰਗ ਦੀਆਂ ਉਕਤ ਸਾਰੀਆਂ ਸਮੱਸਿਆਵਾਂ ਦੇ ਹੱਲ ਦਾ ਭਰੋਸਾ ਦਿੰਦਿਆਂ ਕਿਹਾ ਕਿ ਉਹ ਵਪਾਰ ਨੂੰ ਪ੍ਰਫੁਲਿਤ ਕਰਨ ’ਚ ਵਪਾਰੀਆਂ ਨੂੰ ਪੂਰਾ ਸਹਿਯੋਗ ਦੇਣਗੇ।