ਭਗਵਾਨ ਦਾਸ ਸੰਦਲ
ਦਸੂਹਾ, 13 ਜੂਨ
ਇਥੇ ਹਲਕਾ ਵਿਧਾਇਕ ਐਡਵੋਕੇਟ ਕਰਮਬੀਰ ਘੁੰਮਣ ਨੇ ਨਗਰ ਕੌਂਸਲ ਦਸੂਹਾ ਦੀ ਹਦੂਦ ਅੰਦਰ ਆਉਂਦੇ ਕੱਚੇ ਮਕਾਨ ਧਾਰਕਾਂ ਨੂੰ ਪੱਕੇ ਮਕਾਨਾਂ ਦੀ ਉਸਾਰੀ ਵਾਸਤੇ ਗਰਾਂਟਾਂ ਦੇ ਅਥਾਰਿਟੀ ਲੈਟਰ ਵੰਡੇ। ਇਸ ਸਬੰਧੀ ਨਗਰ ਕੌਂਸਲ ਦਫਤਰ ਵਿੱਚ ਕਰਵਾਏ ਸਮਾਗਮ ਮੌਕੇ ਲੋੜਵੰਦਾਂ ਨੂੰ ਅਥਾਰਿਟੀ ਲੈਟਰ ਵੰਡਣ ਮਗਰੋਂ ਵਿਧਾਇਕ ਘੁੰਮਣ ਨੇ ਕਿਹਾ ਕਿ ‘ਆਪ’ ਵੱਲੋਂ ਲੋਕਾਂ ਨਾਲ ਕੀਤੇ ਵਾਅਦੇ ਪੁਗਾਉਣੇ ਸ਼ੁਰੂ ਕਰ ਦਿੱਤੇ ਗਏ ਹਨ, ਜਿਸ ਤਹਿਤ ਸ਼ਹਿਰ ਵਿੱਚ ਕਿਸੇ ਵੀ ਪਰਿਵਾਰ ਨੂੰ ਕੱਚੇ ਮਕਾਨ ਵਿੱਚ ਨਹੀਂ ਰਹਿਣ ਦਿੱਤਾ ਜਾਵੇਗਾ ਅਤੇ ਅਗਾਮੀ ਸਮੇਂ ਵਿੱਚ ਇਸ ਸਬੰਧੀ ਹਰੇਕ ਲੋੜਵੰਦ ਪਰਿਵਾਰ ਨੂੰ ਗਰਾਂਟ ਜਾਰੀ ਕੀਤੀ ਜਾਵੇਗੀ। ਇਸ ਮੌਕੇ ਕਾਰਜ ਸਾਧਕ ਅਫਸਰ ਮਦਨ ਸਿੰਘ, ਕੌਂਸਲ ਪ੍ਰਧਾਨ ਸੁੱਚਾ ਸਿੰਘ ਲੂਫਾ, ਡਾ. ਵਿਨੋਦ ਜੰਬਾ, ਕੌਂਸਲਰ ਅਮਰਪ੍ਰੀਤ ਸਿੰਘ ਸੋਨੂੰ ਖਾਲਸਾ, ਕੌਂਸਲਰ ਸੰਤੋਖ ਤੋਖੀ, ਨੰਬਰਦਾਰ ਸੁਖਵਿੰਦਰ ਸਿੰਘ ਇੰਦੂ, ਮਾ. ਨਰਿੰਦਰਜੀਤ ਸਿੰਘ ਕੈਂਥਾਂ, ਲੇਖਾਕਾਰ ਸ਼ਰਧ ਸ਼ਰਮਾ, ਐੱਸਓ ਪ੍ਰਿਅੰਕਾ ਅਗਰਵਾਲ, ਸੈਨੇਟਰੀ ਇੰਸਪੈਕਟਰ ਸਲਿੰਦਰ, ਮੰਗਲ ਸਿੰਘ, ਵਿਕਰਾਂਤ ਸਿੰਘ ਹਾਜ਼ਰ ਮੌਜੂਦ ਸਨ।