ਪਾਲ ਸਿੰਘ ਨੌਲੀ
ਜਲੰਧਰ, 27 ਅਗਸਤ
ਰਾਮਾਂ ਮੰਡੀ ਵਿਚਲੇ ਹਸਪਤਾਲ ਵਿੱਚ ਇਲਾਜ ਦੌਰਾਨ ਮਹਿਲਾ ਮਰੀਜ਼ ਦੀ ਮੌਤ ਹੋਣ ਦਾ ਮਾਮਲਾ ਤੂਲ ਫੜਦਾ ਜਾ ਰਿਹਾ ਹੈ। ਜਲੰਧਰ ਪੱਛਮੀ ਤੋਂ ‘ਆਪ’ ਦੇ ਵਿਧਾਇਕ ਸ਼ੀਤਲ ਅੰਗੁਰਾਲ ਨੇ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈਐੱਮਏ) ਦੇ ਕੌਮੀ ਆਗੂ ਡਾ. ਨਵਜੋਤ ਸਿੰਘ ਦਾਹੀਆ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ। ‘ਆਪ’ ਦੇ ਵਿਧਾਇਕ ਸ਼ੀਤਲ ਅੰਗੁਰਾਲ ਨੇ ਆਪਣੇ ਫੇਸਬੁੱਕ ਅਕਾਊਂਟ ’ਤੇ ਵੀਡੀਓ ਪੋਸਟ ਕਰਦਿਆ ਡਾ. ਦਾਹੀਆ ’ਤੇ ਗੰਭੀਰ ਦੋਸ਼ ਲਾਏ ਹਨ। ਉਨ੍ਹਾਂ ਕਿਹਾ ਕਿ ਡਾ. ਦਾਹੀਆ ਐੱਮਐੱਲਆਰ ਕੱਟਣ ਦੇ ਪੈਸੇ ਲੈਂਦੇ ਰਹੇ ਹਨ ਅਤੇ ਕਾਂਗਰਸ ਪਾਰਟੀ ਵੱਲੋਂ ਨਕੋਦਰ ਹਲਕੇ ਤੋਂ ਇਸ ਵਾਰ ਚੋਣ ਵੀ ਲੜੇ ਸਨ।
ਜ਼ਿਕਰਯੋਗ ਹੈ ਕਿ ਜੌਹਲ ਹਸਪਤਾਲ ਦੀ ਘਟਨਾ ਨੂੰ ਲੈ ਕੇ ਡਾ. ਬੀਐੱਸ ਜੌਹਲ ’ਤੇ ਐੱਸਸੀ/ਐੱਸਟੀ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ। ਇਸ ਕੇਸ ਨੂੰ ਰੱਦ ਕਰਵਾਉਣ ਲਈ ਡੀਸੀ ਅਤੇ ਪੁਲੀਸ ਦਫਤਰ ਦੇ ਬਾਹਰ ਪ੍ਰਦਰਸ਼ਨ ਕੀਤਾ ਸੀ। ਸ਼ੀਤਲ ਅੰਗੁਰਾਲ ਨੇ ਦੋਸ਼ ਲਾਏ ਸਨ ਕਿ ਇਸ ਪ੍ਰਦਰਸ਼ਨ ਦੌਰਾਨ ਡਾ. ਦਹੀਆ ਨੇ ਆਪਣੇ ਹਸਪਤਾਲ ਦੀਆਂ ਸਟਾਫ ਨਰਸਾਂ ਨੂੰ ਡਰਾ-ਧਮਕਾ ਕੇ ਲਿਆਂਦਾ ਸੀ। ਉਨ੍ਹਾਂ ਕਿਹਾ ਕਿ ਨਕੋਦਰ ਤੋਂ ਕਾਂਗਰਸ ਦੀ ਟਿਕਟ `ਤੇ ਚੋਣ ਹਾਰੇ ਕਾਂਗਰਸੀ ਆਗੂ ਡਾ. ਦਹੀਆ ਆਪਣੀਆਂ ਸਿਆਸੀ ਰੋਟੀਆਂ ਸੇਕਣ ਲਈ ਇਹ ਡਰਾਮਾ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਦੇਰ ਰਾਤ ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਨ੍ਹਾਂ ਦੇ ਇਲਾਕੇ ਦੀ ਇੱਕ ਮਰੀਜ਼ ਜੌਹਲ ਹਸਪਤਾਲ ਵਿੱਚ ਦਾਖਲ ਹੈ ਤਾਂ ਉਨ੍ਹਾਂ ਡਾ. ਜੌਹਲ ਨੂੰ ਫ਼ੋਨ ਕੀਤਾ ਸੀ। ਡਾਕਟਰ ਨਾਲ ਹੋਈ ਗੱਲਬਾਤ ਦੀ ਰਿਕਾਰਡਿੰਗ ਵੀ ਉਨ੍ਹਾਂ ਕੋਲ ਹੈ। ਡਾਕਟਰ ਜੌਹਲ ਨੇ ਕਿਹਾ,‘ਪੈਸੇ ਦੇ ਕੇ ਲਾਸ਼ ਲੈ ਜਾਓ।’
ਵਿਧਾਇਕ ਅੰਗੁਰਾਲ ਨੇ ਕਿਹਾ ਕਿ ਮ੍ਰਿਤਕ ਔਰਤ ਦੇ ਜਿਹੜਾ ਬੱਚਾ ਹੋਇਆ ਸੀ ਉਹ ਵੀ ਉਸ ਦੇ ਪਿਤਾ ਨੂੰ ਨਹੀਂ ਦਿਖਾਇਆ ਗਿਆ।
ਡਾ. ਨਵਜੋਤ ਸਿੰਘ ਦਾਹੀਆ ਨੇ ਕਿਹਾ ਕਿ ਜਿਹੜੇ ਵਿਧਾਇਕ ਖ਼ਿਲਾਫ਼ ਨੌਂ ਗੰਭੀਰ ਕਿਸਮ ਦੇ ਮਾਮਲੇ ਦਰਜ ਹਨ, ਉਸ ਨੂੰ ਤਾਂ ਦੂਜਿਆਂ ’ਤੇ ਦੋਸ਼ ਲਗਾਉਣ ਦਾ ਕੋਈ ਨੈਤਿਕ ਹੱਕ ਹੀ ਨਹੀਂ ਰਹਿ ਜਾਂਦਾ।