ਪੱਤਰ ਪ੍ਰੇਰਕ
ਦਸੂਹਾ, 19 ਮਾਰਚ
ਇਥੇ ਆਮ ਆਦਮੀ ਪਾਰਟੀ ਦੇ ਨਵੇਂ ਚੁਣੇ ਵਿਧਾਇਕ ਐਡਵੋਕੇਟ ਕਰਮਬੀਰ ਸਿੰਘ ਘੁੰਮਣ ਨੇ ਹਲਫ ਚੁੱਕਣ ਮਗਰੋਂ ਹਲਕੇ ’ਚ ਸਿਹਤ ਸੇਵਾਵਾਂ ਵੱਲ ਧਿਆਨ ਕੇਂਦਰਿਤ ਕੀਤਾ ਹੈ। ਘੁੰਮਣ ਨੇ ਇਥੇ ਪੁਰਾਣੀ ਅਨਾਜ ਮੰਡੀ ਰੋਡ ਸਥਿਤ ਮਿਉਂਸਿਪਲ ਸਿਵਲ ਡਿਸਪੈਂਸਰੀ, ਜੋ ਕਰੀਬ 14 ਸਾਲਾਂ ਤੋਂ ਸਿਆਸਤ ਦੀ ਭੇਟ ਚੜ੍ਹ ਗਈ ਸੀ, ਨੂੰ ਮੁੜ ਸ਼ੁਰੂ ਕਰਵਾਉਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਉਨ੍ਹਾਂ ਨੇ ਡਿਸਪੈਂਸਰੀ ਦੀ ਖਸਤਾ ਹਾਲ ਇਮਾਰਤ ਨੂੰ ਮੁਰੰਮਤ ਕਰਵਾਉਣ ਸਮੇਤ ਡਾਕਟਰਾਂ ਤੇ ਦਵਾਈਆਂ ਦੇ ਪ੍ਰਬੰਧਾਂ ਬਾਰੇ ਵੀ ਹਦਾਇਤਾਂ ਜਾਰੀ ਕੀਤੀਆਂ। ਉਨ੍ਹਾਂ ਕਿਹਾ ਕਿ ਡਿਸਪੈਂਸਰੀ ਦੇ ਸ਼ੁਰੂ ਹੋਣ ਨਾਲ ਸ਼ਹਿਰ ਤੇ ਆਲੇ-ਦੁਆਲੇ ਦੇ ਪਿੰਡਾਂ ਦੇ ਲੋਕਾਂ ਨੂੰ ਮੁਫ਼ਤ ਸਿਹਤ ਸਹੂਲਤਾਂ ਪ੍ਰਾਪਤ ਹੋਣਗੀਆਂ। 2006 ਵਿੱਚ ਮਿਉਂਸਿਪਲ ਸਿਵਲ ਡਿਸਪੈਂਸਰੀ ਦਾ ਉਦਘਾਟਨ ਕਾਂਗਰਸ ਦੇ ਤਤਕਾਲੀ ਸਿਹਤ ਮੰਤਰੀ ਮਰਹੂਮ ਰਾਮੇਸ਼ ਚੰਦਰ ਡੋਗਰਾ ਨੇ ਕੀਤਾ ਸੀ ਤੇ 2007 ਦੀਆਂ ਵਿਧਾਨ ਸਭਾ ਚੋਣਾਂ ਮਗਰੋਂ ਅਕਾਲੀ-ਭਾਜਪਾ ਦੀ ਸਰਕਾਰ ਆਉਣ ’ਤੇ ਇਹ ਡਿਸਪੈਂਸਰੀ ਕੌਝੀ ਸਿਆਸਤ ਦੀ ਭੇਟ ਚੜ੍ਹ ਗਈ।