ਪੱਤਰ ਪ੍ਰੇਰਕ
ਸ਼ਾਹਕੋਟ, 6 ਜਨਵਰੀ
ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਅੱਜ ਇਲਾਕੇ ਦੇ ਅੱਧੀ ਦਰਜਨ ਪਿੰਡਾਂ ਵਿਚ ਕਰਵਾਏ ਵਿਕਾਸ ਕੰਮਾਂ ਦੇ ਉਦਘਾਟਨ ਕੀਤੇ। ਇਸੇ ਦੌਰਾਨ ਹੀ ਉਨ੍ਹਾਂ 6 ਪਿੰਡਾਂ ਨੂੰ ਆਪਸ ਵਿਚ ਮਿਲਾਉਣ ਵਾਲੀਆਂ ਸੰਪਰਕ ਸੜਕਾਂ ਨੂੰ ਪੱਕੀਆਂ ਬਣਾਉਣ ਦੇ ਨੀਂਹ ਪੱਥਰ ਵੀ ਰੱਖੇ। ਪਿੰਡਾਂ ਵਿਚ ਜੁੜੇ ਇਕੱਠਾਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਸ਼ੇਰੋਵਾਲੀਆ ਨੇ ਕਿਹਾ ਕਿ ਹਲਕੇ ਦੇ ਵਿਕਾਸ ਲਈ ਕੀਤੇ ਕੰਮਾਂ ਦੇ ਅਧਾਰ ’ਤੇ 2022 ਦੀਆਂ ਚੋਣਾਂ ਵਿਚ ਉਨ੍ਹਾਂ ਦੀ ਜਿੱਤ ਯਕੀਨੀ ਹੈ। ਵਿਧਾਇਕ ਦੇ ਪੀਏ ਸੋਨੂੰ ਕੰਗ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਵਿਧਾਇਕ ਨੇ ਪਿੰਡ ਅਹਿਮਦਪੁਰ ਵਿਚ ਪਿੰਡ ਦੀ ਪੱਕੀ ਕਰਵਾਈ ਫਿਰਨੀ ਅਤੇ ਮੱਲ੍ਹੀਵਾਲ ’ਚ ਗਲੀਆਂ ਵਿਚ ਲਗਵਾਈ ਇੰਟਰਲਾਕ ਤੇ ਪਵਾਏ ਸੀਵਰੇਜ ਅਤੇ ਤਲਵੰਡੀ ਮਾਧੋ, ਕੋੋਟਲਾ ਹੇਰਾਂ, ਮਾਹਲਾ ਛੰਨਾ ਅਤੇ ਚਾਚੋਵਾਲ ਵਿਚ ਕਰਵਾਏ ਵਿਕਾਸ ਕੰਮਾਂ ਦੇ ਉਦਘਾਟਨ ਕੀਤੇ। ਮਾਹਲਾ ਛੰਨਾ ਤੋਂ ਚਾਚੋਵਾਲ, ਤਲਵੰਡੀ ਮਾਧੋ ਤੋਂ ਅਹਿਮਦਪੁਰ, ਮਾਹਲਾ ਛੰਨਾ ਤੋਂ ਚੱਕ ਚੇਲਾ, ਪੰਧੇਰ ਤੋਂ ਮੁਬਾਰਕਪੁਰ, ਕੋਟਲਾ ਹੇਰਾਂ ਤੋਂ ਨਾਰੰਗਪੁਰ ਅਤੇ ਲੋਹੀਆਂ ਖਾਸ ਨੂੰ ਜਾਂਦੇ ਕੌਮੀ ਸ਼ਾਹਰਾਹ ਦੇ ਚਿੱਟੀ ਵੇਈ ਦੇ ਪੁਲ ਤੋਂ ਟਿੱਕਾ ਸਿੰਘ ਦੇ ਡੇਰੇ ਨੂੰ ਜਾਂਦੀ ਸੰਪਰਕ ਸੜਕ ਨੂੰ ਪੱਕੀ ਬਣਾਉਣ ਦੇ ਨੀਂਹ ਪੱਥਰ ਰੱਖੇ।