ਦੇਸ ਰਾਜ
ਸੁਲਤਾਨਪੁਰ ਲੋਧੀ, 9 ਦਸੰਬਰ
ਸੁਲਤਾਨਪੁਰ ਲੋਧੀ ਤੋਂ ਕਾਂਗਰਸੀ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਪ੍ਰੈੱਸ ਕਾਨਫਰੰਸ ਕਰ ਕੇ ਇੱਕ ਗੈਂਗਸਟਰ ਨਾਲ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦੀ ਫੋਟੋ ਜਾਰੀ ਕਰਦਿਆਂ ਦੋਸ਼ ਲਾਇਆ ਕਿ ਇਹ ਗੈਂਗਸਟਰ 27 ਨਵੰਬਰ ਨੂੰ ਲੁੱਟ-ਖੋਹ ਦੇ ਇੱਕ ਮਾਮਲੇ ਵਿੱਚ ਪੁਲੀਸ ਵੱਲੋਂ ਕਾਬੂ ਕੀਤਾ ਗਿਆ ਸੀ ਜੋ ਸੁਲਤਾਨਪੁਰ ਲੋਧੀ ਵਿੱਚ ਉਨ੍ਹਾਂ ਦੇ ਘਰ ਦੇ ਬਿਲਕੁਲ ਨੇੜੇ ਵਾਪਰੀ ਵਾਰਦਾਤ ਵਿੱਚ ਸ਼ਾਮਲ ਸੀ ਜਦੋਂ ਉਨ੍ਹਾਂ ਦੇ ਘਰ ਉਪ ਮੁੱਖ ਮੰਤਰੀ ਤੇ ਗ੍ਰਹਿ ਵਿਭਾਗ ਦੇ ਮੁਖੀ ਸੁਖਜਿੰਦਰ ਸਿੰਘ ਰੰਧਾਵਾ ਕਾਂਗਰਸੀ ਵਰਕਰਾਂ ਨਾਲ ਇੱਕ ਮੀਟਿੰਗ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਖ਼ਦਸ਼ਾ ਹੈ ਕਿ ਇਸ ਘਟਨਾ ਨੂੰ ਇੱਕ ਸਾਜਿਸ਼ ਤਹਿਤ ਅੰਜਾਮ ਦਿੱਤਾ ਗਿਆ ਜਿਸ ਦੀ ਮਨਸ਼ਾ ਇਸ ਲੁੱਟ ਤੋਂ ਵੀ ਜ਼ਿਆਦਾ ਸੀ, ਪਰ ਪੁਲੀਸ ਵਿਭਾਗ ਦੀ ਚੰਗੀ ਕਾਰਵਾਈ ਕਾਰਨ ਇਹ ਮੁਲਜ਼ਮ ਕਾਬੂ ਆ ਗਏ ਹਨ। ਉਨ੍ਹਾਂ ਕੈਬਨਿਟ ਮੰਤਰੀ ਰਾਣਾ ਗੁਰਜੀਤ ਨੂੰ ਸਵਾਲ ਕਰਦਿਆਂ ਕਿਹਾ ਕਿ ਉਹ ਅਜਿਹੇ ਗੈਂਗਸਟਰਾਂ ਨੂੰ ਕਿਉਂ ਉਤਸ਼ਾਹਿਤ ਕਰ ਰਹੇ ਹਨ ਜੋ ਨੌਜਵਾਨੀ ਨੂੰ ਅਪਰਾਧਾਂ ਵੱਲ ਲਿਜਾ ਰਹੇ ਹਨ। ਵਿਧਾਇਕ ਚੀਮਾ ਨੇ ਦੋਸ਼ ਲਾਇਆ ਕਿ ਕੈਬਨਿਟ ਮੰਤਰੀ ਯੂਪੀ ਵਾਂਗ ਗੁੰਡਾ ਰਾਜ ਕਾਇਮ ਕਰ ਆਪਣੇ ਸਿਆਸੀ ਬਦਲੇ ਲਈ ਉਨ੍ਹਾਂ ਨੂੰ ਜਾਨ ਤੋਂ ਵੀ ਮਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਰਾਣਾ ਗੁਰਜੀਤ ਵੱਲੋਂ ਉਸ ਨੂੰ ਹਲਕੇ ਵਿੱਚ ਅਤੇ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਘਟਨਾ ਦੀ ਗ੍ਰਹਿ ਵਿਭਾਗ ਕੋਲੋਂ ਉੱਚ ਪੱਧਰੀ ਜਾਂਚ ਦੀ ਮੰਗ ਤੇ ਕਥਿਤ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕਰਦਿਆਂ ਕਿਹਾ ਕਿ ਉਹ ਗੱਲ ਹਾਈ ਕਮਾਂਡ ਦੇ ਧਿਆਨ ਵਿੱਚ ਲਿਆਉਣਗੇ।
ਗੈਂਗਸਟਰ ਨਾਲ ਕੋਈ ਸਬੰਧ ਨਾ ਹੋਣ ਦਾ ਦਾਅਵਾ
ਰਾਣਾ ਗੁਰਜੀਤ ਸਿੰਘ ਦੇ ਪੁੱਤਰ ਇੰਦਰ ਪ੍ਰਤਾਪ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਇਸ ਗੈਂਗਸਟਰ ਨਾਲ ਕੋਈ ਸਬੰਧ ਨਹੀਂ ਹੈ।