ਪੱਤਰ ਪ੍ਰੇਰਕ
ਦੀਨਾਨਗਰ, 5 ਸਤੰਬਰ
ਪਿੰਡ ਅਵਾਂਖਾ ’ਚ 25 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਗਏ ਨਵੇਂ ਪੰਚਾਇਤ ਘਰ ਦੀ ਇਮਾਰਤ ਦਾ ਉਦਘਾਟਨ ਅੱਜ ਪੰਜਾਬ ਦੀ ਕੈਬਨਿਟ ਮੰਤਰੀ ਅਰੁਣਾ ਚੌਧਰੀ ਨੇ ਕੀਤਾ। ਇਸ ਪੰਚਾਇਤ ਘਰ ’ਚ ਇੱਕ ਵੱਡੇ ਹਾਲ ਤੋਂ ਇਲਾਵਾ ਦੋ ਕਮਰੇ, ਇੱਕ ਰਸੋਈ, ਤਿੰਨ ਬਾਥਰੂਮ ਅਤੇ ਸਟੋਰ ਤੋਂ ਇਲਾਵਾ ਵੱਖਰੇ ਤੌਰ ’ਤੇ ਸ੍ਰੀ ਗੁਰੂ ਨਾਭਾ ਦਾਸ ਅਤੇ ਸ੍ਰੀ ਗੁਰੂ ਰਵਿਦਾਸ ਦੇ ਮੰਦਰ ਬਣਾਏ ਗਏ ਹਨ, ਜਿਨ੍ਹਾਂ ਦਾ ਰਸਮੀ ਉਦਘਾਟਨ ਕਰਕੇ ਅਰੁਣਾ ਚੌਧਰੀ ਵੱਲੋਂ ਅੱਜ ਇਨ੍ਹਾਂ ਨੂੰ ਲੋਕ ਅਰਪਿਤ ਕੀਤਾ ਗਿਆ ਹੈ। ਇਸ ਮੌਕੇ ਚੌਧਰੀ ਨੇ ਕਿਹਾ ਕਿ ਅਵਾਂਖਾ ਦੀਨਾਨਗਰ ਹਲਕੇ ਦਾ ਸਭ ਤੋਂ ਵੱਡਾ ਪਿੰਡ ਹੈ ਅਤੇ ਇਸੇ ਕਰਕੇ ਇੱਥੇ ਕੰਮ ਵੀ ਵਧੇਰੇ ਕਰਵਾਏ ਗਏ ਹਨ। ਵਿਸ਼ੇਸ਼ ਮਹਿਮਾਨ ਸੀਨੀਅਰ ਕਾਂਗਰਸ ਆਗੂ ਅਸ਼ੋਕ ਚੌਧਰੀ ਨੇ ਕਿਹਾ ਕਿ ਇਹ ਗੱਲ ਹੁਣ ਵਿਰੋਧੀ ਵੀ ਮੰਨਣ ਲੱਗੇ ਹਨ ਕਿ ਜਿੰਨੇ ਕੰਮ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਅਰੁਣਾ ਚੌਧਰੀ ਨੇ ਕਰਵਾਏ ਹਨ ਪਹਿਲਾਂ ਕਦੇ ਨਹੀਂ ਹੋਏ। ਇਸ ਤੋਂ ਪਹਿਲਾਂ ਪਿੰਡ ਦੀ ਸਰਪੰਚ ਗੀਤਾ ਠਾਕੁਰ ਅਤੇ ਯਸ਼ਪਾਲ ਠਾਕੁਰ ਵੱਲੋਂ ਕੈਬਨਿਟ ਮੰਤਰੀ ਅਰੁਣਾ ਚੌਧਰੀ ਦਾ ਭਰਵਾਂ ਸਵਾਗਤ ਕਰਦਿਆਂ ਪਿੰਡ ਦੀ ਬੇਹਤਰੀ ਲਈ ਲੱਖਾਂ ਰੁਪਏ ਦੀਆਂ ਗਰਾਂਟਾਂ ਦੇਣ ’ਤੇ ਧੰਨਵਾਦ ਕੀਤਾ।
ਕੈਪਸ਼ਨ– ਪਿੰਡ ਅਵਾਂਖਾ ’ਚ ਬਣੇ ਪੰਚਾਇਤ ਘਰ ਦਾ ਉਦਘਾਟਨ ਕਰਦੇ ਹੋਏ ਕੈਬਨਿਟ ਮੰਤਰੀ ਅਰੁਣਾ ਚੌਧਰੀ। -ਫੋਟੋ: ਸਾਗਰ
ਵੇਰਕਾ ਵੱਲੋਂ ਡਿਫੈਂਸ ਇਨਕਲੇਵ ਦੀ ਪਾਰਕ ਦਾ ਉਦਘਾਟਨ
ਅੰਮ੍ਰਿਤਸਰ (ਖੇਤਰੀ ਪ੍ਰਤੀਨਿਧ): ਵਿਧਾਨ ਸਭਾ ਹਲਕਾ ਪੱਛਮੀ ਦੀ ਵਾਰਡ ਨੰਬਰ-4 ਦੇ ਡਿਫੈਂਸ ਇਨਕਲੇਵ ਵਿੱਚ ਬਣੀ ਪਾਰਕ ਦਾ 20 ਲੱਖ ਰੁਪਏ ਦੀ ਲਾਗਤ ਨਾਲ ਸੁੰਦਰੀਕਰਨ ਹੋਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਡਾਕਟਰ ਰਾਜ ਕੁਮਾਰ ਵੇਰਕਾ ਨੇ ਕੌਂਸਲਰ ਹਰਪਨਦੀਪ ਸਿੰਘ ਔਜਲਾ ਨਾਲ ਮਿਲ ਕੇ ਪਾਰਕ ਦੇ ਉਦਘਾਟਨ ਉਪਰੰਤ ਕੀਤਾ। ਡਾ. ਵੇਰਕਾ ਨੇ ਕਿਹਾ ਕਿ 20 ਲੱਖ ਰੁਪਏ ਦੀ ਲਾਗਤ ਨਾਲ ਪਾਰਕ ਦਾ ਸੁੰਦਰੀਕਰਨ ਕੀਤਾ ਜਾ ਰਿਹਾ ਹੈ, ਜਿਸ ਵਿੱਚ ਬੱਚਿਆਂ ਲਈ ਓਪਨ ਜਿਮ ਤੇ ਝੂਲੇ ਲਗਾਏ ਜਾਣਗੇ। ਉਨ੍ਹਾਂ ਇਲਾਕਾ ਵਾਸੀਆਂ ਨੂੰ ਪਾਣੀ, ਸੀਵਰੇਜ ਅਤੇ ਸੜਕ ਸਬੰਧੀ ਸਮੱਸਿਆ ਨੂੰ ਇਕ ਮਹੀਨੇ ’ਚ ਹੱਲ ਕਰਨ ਦਾ ਭਰੋਸਾ ਦਿੱਤਾ। ਕਲੋਨੀ ਵਾਸੀਆਂ ਨੇ ਡਾ. ਵੇਰਕਾ ਤੇ ਹਰਪਨ ਔਜਲਾ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ। ਇਸ ਮੌਕੇ ਮਨੋਜ ਮਹਿਰਾ, ਗੁਰਵਿੰਦਰ ਸਰਪਾਲ, ਪੁਨਰਦੀਪ ਸਿੰਘ ਬੁਲਾਰੀਆ, ਇੰਦਰਜੀਤ ਸਿੰਘ, ਲਾਲੀ ਸਰਪੰਚ, ਕੈਪਟਨ ਰਸ਼ਪਾਲ, ਰਵਿੰਦਰ ਪਾਲ ਸਿੰਘ, ਐਸ.ਐਸ ਅਹੂਜਾ, ਹਰਪ੍ਰਤਾਪ ਸਿੰਘ, ਮਨਮੋਹਨ ਸਿੰਘ, ਬਲਕਾਰ ਸਿੰਘ, ਪ੍ਰਦੀਪ ਸਿੰਘ ਕਾਹਲੋਂ ਤੇ ਲਵਲੀ ਗੁਮਟਾਲਾ ਆਦਿ ਮਜ਼ੂਦ ਸਨ।