ਪਾਲ ਸਿੰਘ ਨੌਲੀ
ਜਲੰਧਰ, 5 ਮਈ
ਪੰਜਾਬ ਵਿੱਚ ਬੰਦ ਕੀਤੀ ਗਈ ਮਾਈਨਿੰਗ ਦੇ ਵਿਰੋਧ ਵਿੱਚ ਅੱਜ ਇੱਥੇ ਪਠਾਨਕੋਟ ਚੌਕ ਵਿੱਚ ਜਲੰਧਰ ਟਿੱਪਰ ਐਸੋਸੀਏਸ਼ਨ ਵੱਲੋਂ ਇਕ ਘੰਟਾ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਆਪਣੇ ਟਿੱਪਰਾਂ ਨੂੰ ਲਿਆ ਕੇ ਨੈਸ਼ਨਲ ਹਾਈਵੇਅ ’ਤੇ ਖੜ੍ਹੇ ਕਰ ਕੇ ਜਾਮ ਲਾ ਦਿੱਤਾ। ਇਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਟਿੱਪਰਾਂ ਵਾਲੇ ਮੰਗ ਕਰ ਰਹੇ ਸਨ ਕਿ ਰੇਤੇ ਦੀਆਂ ਖੱਡਾਂ ਮੁੜ ਚਾਲੂ ਕੀਤੀਆਂ ਜਾਣ। ਉਨ੍ਹਾਂ ਕਿਹਾ ਕਿ ਮਾਈਨਿੰਗ ਦਾ ਕੰਮ ਰੁਕਣ ਕਾਰਨ ਉਨ੍ਹਾਂ ਦਾ ਕਾਰੋਬਾਰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ, 45 ਦਿਨਾਂ ਤੋਂ ਸੂਬੇ ਦੇ ਕਰੱਸ਼ਰ ਬੰਦ ਪਏ ਹਨ।
ਇਨ੍ਹਾਂ ਟਿੱਪਰ ਮਾਲਕਾਂ ਤੇ ਚਾਲਕਾਂ ਦਾ ਕਹਿਣਾ ਸੀ ਕਿ ਰੇਤੇ ਤੇ ਬੱਜਰੀ ਦਾ ਕੰਮ ਬੰਦ ਹੋਣ ਨਾਲ ਉਸਾਰੀ ਦੇ ਕੰਮ ਖੜ੍ਹ ਗਏ ਹਨ। ਰਾਜ ਮਿਸਤਰੀ ਤੇ ਮਜ਼ਦੂਰ ਵਿਹਲੇ ਬੈਠੇ ਹਨ। ਖੱਡਾਂ ਵਿਚ ਨਾ ਤਾਂ ਰੇਤੇ ਦੀ ਭਰਾਈ ਦਾ ਕੰਮ ਚੱਲ ਰਿਹਾ ਹੈ ਤੇ ਨਾ ਹੀ ਕਰੱਸ਼ਰਾਂ ਦਾ। ਰੋਸ ਪ੍ਰਦਰਸ਼ਨ ਕਰਨ ਵਾਲਿਆਂ ਨੇ ਬੈਨਰਾਂ ਫੜੇ ਹੋਏ ਸਨ, ਜਿਨ੍ਹਾਂ ’ਤੇ ਪੰਜਾਬ ਦੀਆਂ ਰੇਤ ਖੱਡਾਂ ਖੋਲ੍ਹਣ ਦੀ ਮੰਗ ਕੀਤੀ ਗਈ ਸੀ। ਟਿੱਪਰਾਂ ਨਾਲ ਰਸਤਾ ਰੁਕਣ ਕਰ ਕੇ ਗੱਡੀਆਂ ਦੀਆਂ ਲੰਮੀਆਂ ਲਾਈਨਾਂ ਲੱਗ ਗਈਆਂ। ਰਸਤਾ ਖੁੱਲ੍ਹਵਾਉਣ ਲਈ ਪੁਲੀਸ ਨੂੰ ਵੀ ਦਖਲ ਅੰਦਾਜ਼ੀ ਕਰਨੀ ਪਈ। ਜਥੇਬੰਦੀ ਦੇ ਪ੍ਰਧਾਨ ਰਾਜਿੰਦਰ ਸ਼ਰਮਾ ਨੇ ਕਿਹਾ ਕਿ ਜੇਕਰ ਉਨ੍ਹਾਂ ਦੀ ਡਿਪਟੀ ਕਮਿਸ਼ਨਰ ਨਾਲ ਕਰਵਾਈ ਜਾਣ ਵਾਲੀ ਮੀਟਿੰਗ ਵਿੱਚ ਤਸੱਲੀ ਨਾ ਹੋਈ ਤਾਂ ਉਹ ਮੁੜ ਪ੍ਰਦਰਸ਼ਨ ਕਰਨਗੇ। ਇਸ ਮੌਕੇ ਬੱਬੂ ਨੀਲਕੰਠ, ਸਤੀਸ਼ ਸੈਣੀ, ਮਨਪ੍ਰੀਤ ਸਿੰਘ, ਬਿਕਰਮਜੀਤ ਸਿੰਘ ਪਿੰਕੀ, ਜਸਵਿੰਦਰ ਸਿੰਘ ਜੱਸਾ, ਉਪਿੰਦਰ ਸਿੰਘ, ਬਖਸ਼ੀਸ਼ ਸਿੰਘ ਕਾਕਾ ਤੇ ਮਹਿੰਦਰ ਸਿੰਘ ਸਮੇਤ ਹੋਰ ਟਿੱਪਰ ਚਾਲਕ ਹਾਜ਼ਰ ਸਨ।