ਜੇਬੀ ਸੇਖੋਂ/ਜੋਗਿੰਦਰ ਕੁੱਲੇਵਾਲ
ਗੜ੍ਹਸ਼ੰਕਰ, 27 ਅਪਰੈਲ
ਇਥੇ ਪੁਲੀਸ ਵੱਲੋਂ ਰੇਤ ਦੀਆਂ ਗਿਆਰਾਂ ਟਰਾਲੀਆਂ ਦੇ ਚਾਲਕਾਂ ਵਿਰੁੱਧ ਨਾਜਾਇਜ਼ ਖਣਨ ਮਾਮਲੇ ਸਬੰਧੀ ਕੇਸ ਦਰਜ ਕਰਨ ਤੋਂ ਖ਼ਫਾ ਹੋਏ ਟਰੈਕਟਰ ਟਰਾਲੀ ਚਾਲਕਾਂ ਅਤੇ ਵੱਖ-ਵੱਖ ਪਾਰਟੀਆਂ ਦੇ ਆਗੂਆਂ ਵੱਲੋਂ ਅੱਜ ਗੜ੍ਹਸ਼ੰਕਰ ਦੇ ਬੰਗਾ ਚੌਕ ਵਿੱਚ ਲਗਪਗ ਦੋ ਘੰਟੇ ਲਈ ਆਵਾਜਾਈ ਠੱਪ ਰੱਖੀ ਗਈ ਅਤੇ ਹਲਕਾ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੋੜੀ ਅਤੇ ਪੁਲੀਸ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ।
ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਪਹਿਲਾਂ ਸ੍ਰੀ ਆਨੰਦਪੁਰ ਸਾਹਿਬ ਰੋਡ ’ਤੇ ਸਥਿਤ ਹਲਕਾ ਵਿਧਾਇਕ ਦੇ ਘਰ ਅੱਗੇ ਨਾਅਰੇਬਾਜ਼ੀ ਕੀਤੀ ਅਤੇ ਸਥਾਨਕ ਬੰਗਾ ਚੌਕ ਤੱਕ ਰੋਸ ਮਾਰਚ ਕੱਢਿਆ। ਉਨ੍ਹਾਂ ਹਲਕਾ ਵਿਧਾਇਕ ’ਤੇ ਨਾਜਾਇਜ਼ ਕਰੱਸ਼ਰਾਂ ਖ਼ਿਲਾਫ਼ ਸਾਜ਼ਿਸ਼ੀ ਢੰਗ ਨਾਲ ਚੁੱਪ ਰਹਿਣ ਦਾ ਦੋਸ਼ ਲਾਇਆ ਅਤੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਕੋਲ ਖਣਨ ਸਬੰਧੀ ਕੋਈ ਨੀਤੀ ਨਹੀਂ ਹੈ ਜਿਸ ਕਰਕੇ ਖਣਨ ਮਾਮਲੇ ਵਿੱਚ ਗਰੀਬ ਟਰੈਕਟਰ ਟਰਾਲੀ ਚਾਲਕਾਂ ਵਿਰੁੱਧ ਪੁਲੀਸ ਧੱਕੇ ਨਾਲ ਕਾਰਵਾਈ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਟਰੈਕਟਰ ਟਰਾਲੀ ਚਾਲਕ ਹਿਮਾਚਲ ਤੋਂ ਜਾਇਜ਼ ਢੰਗ ਨਾਲ ਰੇਤ ਲੈ ਕੇ ਆਉਂਦੇ ਹਨ ਜਿਨ੍ਹਾਂ ਖ਼ਿਲਾਫ਼ ਪੁਲੀਸ ਨੇ ਮਾਈਨਿੰਗ ਐਕਟ ਤਹਿਤ ਕੇਸ ਦਰਜ ਕੀਤਾ ਹੈ ਪਰ ਪੰਜਾਬ ਦੀ ਹੱਦ ਨਾਲ ਲੱਗਦੇ ਗੋਂਦਪੁਰ ਪਿੰਡ ਵਿੱਚ ਲੱਗੇ ਕਰੱਸ਼ਰ ਤੋਂ ਵੱਡੇ ਵੱਡੇ ਟਿੱਪਰ ਰੋਜ਼ਾਨਾ ਗੜ੍ਹਸ਼ੰਕਰ ਵਿੱਚ ਦਾਖਲ ਹੁੰਦੇ ਹਨ ਜਿਨ੍ਹਾਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਇਸ ਮੌਕੇ ਕਾਮਰੇਡ ਗਰੀਬ ਦਾਸ ਬੀਟਨ, ਕਾਂਗਰਸੀ ਆਗੂ ਪੰਕਜ ਕਿਰਪਾਲ ਅਤੇ ਸਾਡਾ ਹੱਕ ਪਾਰਟੀ ਦੇ ਸਕੱਤਰ ਬਲਵੰਤ ਸਿੰਘ ਨੇ ਕਿਹਾ ਕਿ ਗਰੀਬ ਟਰੈਕਟਰ ਟਰਾਲੀ ਚਾਲਕਾਂ ਵਿਰੁੱਧ ਕਿਸੇ ਤਰ੍ਹਾਂ ਦਾ ਧੱਕਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਖਣਨ ਦੀ ਨੀਤੀ ਸਬੰਧੀ ਨੋਟੀਫਿਕੇਸ਼ਨ ਜਾਰੀ ਕਰਨ ਦੀ ਥਾਂ ਟੋਲ ਫਰੀ ਨੰਬਰ ਜਾਰੀ ਕਰਕੇ ਲੋਕਾਂ ਵਿੱਚ ਦਹਿਸ਼ਤ ਪਾ ਰਹੀ ਹੈ।
ਦੋ ਘੰਟੇ ਤੱਕ ਲੱਗੇ ਇਸ ਜਾਮ ਕਾਰਨ ਰਾਹਗੀਰਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਇਸ ਮੌਕੇ ਡੀਐੱਸਪੀ ਨਰਿੰਦਰ ਸਿੰਘ ਮੌਕੇ ’ਤੇ ਪੁੱਜੇ ਅਤੇ ਕਿਹਾ ਕਿ ਮਾਈਨਿੰਗ ਵਿਭਾਗ ਦੇ ਨਿਰਦੇਸ਼ਾਂ ਤਹਿਤ ਕਾਰਵਾਈ ਕੀਤੀ ਗਈ ਹੈ। ਹਾਜ਼ਰ ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਕਿ ਦਰਜ ਕੀਤੇ ਕੇਸ ਵਾਪਸ ਲਏ ਜਾਣ ਅਤੇ ਕਰੱਸ਼ਰ ਚਾਲਕਾਂ ਵਿਰੁੱਧ ਕਾਰਵਾਈ ਕੀਤੀ ਜਾਵੇ ਅਤੇ ਅਜਿਹਾ ਨਾ ਹੋਣ ਦੀ ਸੂਰਤ ਵਿੱਚ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਡੀਐੱਸਪੀ ਨਰਿੰਦਰ ਸਿੰਘ ਔਜਲਾ ਨੇ ਧਰਨਾਕਾਰੀਆਂ ਨੂੰ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਤਾਂ ਆਵਾਜਾਈ ਬਹਾਲ ਕੀਤੀ ਗਈ।