ਜਸਬੀਰ ਸਿੰਘ ਚਾਨਾ
ਫਗਵਾੜਾ, 25 ਅਗਸਤ
ਗੰਨੇ ਦੀ ਬਕਾਇਆ ਰਾਸ਼ੀ ਨੂੰ ਲੈ ਕੇ ਕਿਸਾਨਾਂ ਵੱਲੋਂ ਸ਼ੂਗਰ ਮਿੱਲ ਚੌਕ ’ਚ ਸ਼ੁਰੂ ਕੀਤਾ ਗਿਆ ਧਰਨਾ ਅੱਜ 18ਵੇਂ ਦਿਨ ’ਚ ਦਾਖ਼ਲ ਹੋ ਗਿਆ ਹੈ। ਅੱਜ ਧਰਨੇ ’ਚ ਮੁਸਾਪੂਰ-ਡੁਮੇਲੀ ਸਰਕਲ ਦੇ ਕਿਸਾਨਾਂ ਨੇ ਪੁੱਜ ਕੇ ਡਿਊਟੀ ਨਿਭਾਈ। ਇਸ ਮੌਕੇ ਕਿਸਾਨਾਂ ਵੱਲੋਂ ਸਟੇਜ ਤੋਂ ਸਰਕਾਰ ਤੇ ਮਿੱਲ ਮਾਲਕਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।
ਧਰਨੇ ਨੂੰ ਸੰਬੋਧਨ ਕਰਦਿਆਂ ਜਰਨੈਲ ਸਿੰਘ ਬਿੱਟਾ, ਮੋਹਨ ਸਿੰਘ ਈਸ਼ੋਰਵਾਲ, ਜਤਿੰਦਰ ਸਿੰਘ ਡੁਮੇਲੀ, ਹਰਜੀਤ ਸਿੰਘ ਡੁਮੇਲੀ, ਬਹਾਦਰ ਸਿੰਘ ਚੌਹਾਨ, ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਪ੍ਰਧਾਨ ਮਨਜੀਤ ਸਿੰਘ ਰਾਏ, ਜਨਰਲ ਸਕੱਤਰ ਸਤਨਾਮ ਸਿੰਘ ਸਾਹਨੀ, ਕ੍ਰਿਪਾਲ ਸਿੰਘ ਮੁਸਾਪੂਰ ਤੇ ਸਰਪੰਚ ਕੁਲਵਿੰਦਰ ਸਿੰਘ ਕਾਲਾ ਨੇ ਕਿਹਾ ਕਿ ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਸਬੰਧੀ ਸ਼ੁਰੂ ਕੀਤਾ ਸੰਘਰਸ਼ ਲਗਾਤਾਰ ਜਾਰੀ ਹੈ। ਸਰਕਾਰ ਵੱਲੋਂ ਉਨ੍ਹਾਂ ਨੂੰ 30 ਅਗਸਤ ਤੱਕ ਅਦਾਇਗੀ ਦਾ ਭਰੋਸਾ ਮਿਲਿਆ ਹੈ ਪਰ ਅਦਾਇਗੀ ਨਾ ਹੋਣ ਤੱਕ ਇਹ ਧਰਨਾ ਜਾਰੀ ਰਹੇਗਾ।
ਧਰਨੇ ’ਚ ਅੱਜ ਵਿਸ਼ੇਸ਼ ਤੌਰ ’ਤੇ ਪੁੱਜੇ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਮਿੱਲ ਮਾਲਕ ਕਿਸਾਨਾਂ ਨਾਲ ਬੇਈਮਾਨੀ ਕਰ ਰਹੇ ਹਨ ਤੇ ਜਾਣ ਬੁੱਝ ਕੇ ਇਨ੍ਹਾਂ ਦਾ ਮਸਲਾ ਲਟਕਾ ਰਹੇ ਹਨ ਜਦਕਿ ਪੰਜਾਬ ਦਾ ਕਿਸਾਨ ਪਹਿਲਾਂ ਹੀ ਇੱਕ ਲੱਖ ਕਰੋੜ ਰੁਪਏ ਦੀ ਕਰਜ਼ਈ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਮੂੰਗੀ ਨੂੰ ਐੱਮ.ਐੱਸ.ਪੀ. ’ਤੇ ਖਰੀਦਣ ਦਾ ਭਰੋਸਾ ਦਿੱਤਾ ਸੀ ਪਰ ਸਿਰਫ਼ ਮਾਨਸਾ ਜ਼ਿਲ੍ਹੇ ’ਚ ਡੇਢ ਲੱਖ ਬੋਰੀ ’ਚੋਂ 25 ਹਜ਼ਾਰ ਬੋਰੀ ਐਮ.ਐਸ.ਪੀ ਤੇ ਖਰੀਦੀ ਗਈ ਹੈ ਜਦਕਿ ਸਵਾ ਲੱਖ ਬੋਰੀ 2500 ਤੋਂ 4 ਹਜ਼ਾਰ ਤੱਕ ਪ੍ਰਾਇਵੇਟ ਲੋਕਾਂ ਨੇ ਖਰੀਦੀ ਹੈ। ਉਨ੍ਹਾਂ ਗੰਨੇ ਦੀ ਅਦਾਇਗੀ ਤੁਰੰਤ ਕਰਵਾਉਣ ਦੀ ਮੰਗ ਕੀਤੀ ਹੈ।