ਪੱਤਰ ਪ੍ਰੇਰਕ
ਆਦਮਪੁਰ ਦੋਆਬਾ, 24 ਅਗਸਤ
ਦੁੱਧ ਵਿੱਚ ਮਿਲਾਵਟਖੋਰੀ ਨੂੰ ਰੋਕਣ ਲਈ ਇੱਕ ਹਫ਼ਤੇ ਦੀ ਵਿਸ਼ੇਸ਼ ਮੁਹਿੰਮ ਤਹਿਤ ਅੱਜ ਫੂਡ ਸੇਫਟੀ ਵਿਭਾਗ ਜਲੰਧਰ ਵੱਲੋਂ ਜ਼ਿਲ੍ਹਾ ਸਿਹਤ ਅਫਸਰ (ਫੂਡ ਸੇਫਟੀ) ਜਲੰਧਰ ਡਾ. ਰੀਮਾ ਜੰਮੂ ਦੀ ਨਿਗਰਾਨੀ ਹੇਠ ਫੂਡ ਸੇਫਟੀ ਅਫਸਰ ਨੇਹਾ ਸ਼ਰਮਾ ਵੱਲੋਂ ਮਾਡਲ ਹਾਊਸ, ਬਸਤੀ ਸ਼ੇਖ ਆਦਿ ਖੇਤਰਾਂ ਵਿੱਚੋਂ ਦੁੱਧ ਦੇ ਪੰਜ ਸੈਂਪਲ ਭਰੇ ਗਏ। ਡਾ. ਰੀਮਾ ਜੰਮੂ ਨੇ ਦੱਸਿਆ ਕਿ ਦੁੱਧ ਦੇ ਲਏ ਗਏ ਸੈਂਪਲ ਸਟੇਟ ਫੂਡ ਲੈਬੋਰਟਰੀ ਵਿੱਚ ਭੇਜੇ ਜਾਣਗੇ ਅਤੇ ਸੈਂਪਲ ਫੇਲ੍ਹ ਪਾਏ ਜਾਣ ਦੀ ਸੂਰਤ ਵਿੱਚ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਡਾ. ਰੀਮਾ ਜੰਮੂ ਵੱਲੋਂ ਦੱਸਿਆ ਗਿਆ ਕਿ ਫੂਡ ਬਿਜਨਸ ਆਪਰੇਟਰਾਂ ਨੂੰ ਕਿਸੇ ਵੀ ਝਾਂਸੇ ਵਿੱਚ ਆਉਣ ਦੀ ਲੋੜ ਨਹੀਂ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਫ਼ੀਸ ਆਨਲਾਈਨ ਮਾਧਿਅਮ ਰਾਹੀਂ ਦੇਣ ਦੀ ਲੋੜ ਨਹੀਂ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਫੂਡ ਟੀਮ ਦੇ ਮੈਂਬਰ ਕਦੇ ਵੀ ਕੋਈ ਫੀਸ ਨਹੀਂ ਮੰਗਦੇ ਅਤੇ ਨਾ ਹੀ ਜਾਂਚ ਜਾਂ ਛਾਪੇ ਮਾਰਨ ਲਈ ਫੋਨ ਕਰਦੇ ਹਨ।
ਜੰਡਿਆਲਾ ਗੁਰੂ (ਪੱਤਰ ਪ੍ਰੇਰਕ): ਇੱਥੇ ਜੰਡਿਆਲਾ ਗੁਰੂ ਤੇ ਇਸ ਦੇ ਨੇੜਲੇ ਪਿੰਡ ਵਿੱਚੋਂ ਸਿਹਤ ਵਿਭਾਗ ਵਲੋਂ ਅਚਾਨਕ ਛਾਪੇ ਮਾਰ ਕੇ ਪੰਜ ਥਾਵਾਂ ਤੋਂ ਦੁੱਧ ਦੇ ਸੈਂਪਲ ਭਰੇ ਗਏ। ਸਿਹਤ ਵਿਭਾਗ ਦੇ ਫੂਡ ਸੇਫਟੀ ਵਿੰਗ ਤੇ ਸਹਾਇਕ ਫੂਡ ਕਮਿਸ਼ਨਰ ਹਰਜਿੰਦਰ ਸਿੰਘ ਤੇ ਫੂਡ ਸੇਫਟੀ ਅਫ਼ਸਰ ਸਤਨਾਮ ਸਿੰਘ ਨੇ ਦੱਸਿਆ ਅੱਜ ਜੰਡਿਆਲਾ ਗੁਰੂ ਸ਼ਹਿਰ ਦੇ ਬਾਲਮੀਕਿ ਚੌਕ ਵਿੱਚ ਸਥਿਤ ਦੋ ਮਸ਼ਹੁੂਰ ਡੇਅਰੀਆਂ ਤੋਂ ਦੁੱਧ ਦੇ ਸੈਂਪਲ ਭਰੇ ਗਏ। ਇਸੇ ਤਰ੍ਹਾਂ ਪਿੰਡ ਬੰਡਾਲਾ ਵਿੱਚ ਵੀ ਦੋ ਥਾਵਾਂ ਤੋਂ ਦੁੱਧ ਦੇ ਸੈਂਪਲ ਲਏ ਗਏ ਹਨ ਅਤੇ ਇਸਦੇ ਨਾਲ ਹੀ ਦੁੱਧ ਸਪਲਾਈ ਕਰਨ ਵਾਲੀ ਇੱਕ ਮਹਿੰਦਰਾ ਗੱਡੀ ਦਾ ਵੀ ਦੁੱਧ ਦਾ ਸੈਂਪਲ ਭਰਿਆ ਗਿਆ ਹੈ।