ਜੇ.ਬੀ. ਸੇਖੋਂ
ਗੜ੍ਹਸ਼ੰਕਰ, 19 ਦਸੰਬਰ
ਮਨਰੇਗਾ ਯੋਜਨਾ ਤਹਿਤ ਕੰਮ ਨਾ ਮਿਲਣ ਕਾਰਨ ਪਿੰਡ ਫਤਹਿਪੁਰ ਦੇ ਮਨਰੇਗਾ ਕਾਮਿਆਂ ਵੱਲੋਂ ਅੱਜ ਪਿੰਡ ਵਿੱਚ ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਿਰੁੱਧ ਰੋਸ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੌਕੇ ਵਰਕਰਾਂ ਨੇ ਦੱਸਿਆ ਕਿ ਕਰੋਨਾ ਦੇ ਚੱਲਦਿਆਂ ਜਿੱਥੇ ਮਨਰੇਗਾ ਸਕੀਮ ਪੂਰੀ ਤਰ੍ਹਾਂ ਠੱਪ ਹੋ ਗਈ ਸੀ ਉਸ ਤੋਂ ਬਾਅਦ ਅਜੇ ਤੱਕ ਵੀ ਇਸ ਸਕੀਮ ਨੂੰ ਸੁਚਾਰੂ ਢੰਗ ਨਾਲ ਨਹੀਂ ਚਲਾਇਆ ਜਾ ਰਿਹਾ ਜਿਸ ਕਾਰਨ ਮਜ਼ਦੂਰੀ ਕਰਕੇ ਆਪਣਾ ਗੁਜ਼ਾਰਾ ਚਲਾਉਣ ਵਾਲੇ ਪਰਿਵਾਰਾਂ ਨੂੰ ਆਰਥਿਕ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ ਸ੍ਰੀ ਧੀਮਾਨ ਨੇ ਦੱਸਿਆ ਕਿ ਮਨਰੇਗਾ ਸਕੀਮ ਤਹਿਤ ਘੱਟੋ ਘੱਟ ਸਾਲਾਨਾ ਸੌ ਦਿਨ ਕੰਮ ਮਿਲਣ ਦੀ ਗਾਰੰਟੀ ਦਿੱਤੀ ਜਾਂਦੀ ਹੈ ਪਰ ਪਿੰਡਾਂ ਵਿੱਚ ਵਰਕਰਾਂ ਨੂੰ ਦੋ ਤਿੰਨ ਸਾਲ ਤੋਂ ਕੋਈ ਕੰਮ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਵਰਕਰਾਂ ਦੇ ਜਾਬ ਕਾਰਡ ਬਣੇ ਹੋਏ ਹਨ ਪਰ ਕੰਮ ਨਾ ਮਿਲਣ ਦੀ ਸੂਰਤ ਵਿੱਚ ਕੋਈ ਬੇਰੁਜ਼ਗਾਰੀ ਭੱਤਾ ਵੀ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਇਲਾਕੇ ਦੇ ਮਨਰੇਗਾ ਵਰਕਰਾਂ ਨੂੰ ਉਨ੍ਹਾਂ ਦੇ ਹੱਕਾਂ ਅਧਿਕਾਰਾਂ ਪ੍ਰਤੀ ਜਾਗਰੂਕ ਕਰਕੇ ਲਾਮਵੰਦ ਕੀਤਾ ਜਾ ਰਿਹਾ ਹੈ ਤੇ ਪਾਰਟੀ ਵੱਲੋਂ ਇਸ ਸਬੰਧੀ ਅਦਾਲਤ ਦਾ ਸਹਾਰਾ ਲੈ ਕੇ ਸਰਕਾਰ ਖ਼ਿਲਾਫ਼ ਪਟੀਸ਼ਨ ਦਰਜ ਕੀਤੀ ਜਾਵੇਗੀ। ਇਸ ਮੌਕੇ ਵਰਕਰਾਂ ਨੇ ਕਿਹਾ ਕਿ ਰਸੋਈ ਗੈਸ ਦੀਆਂ ਵੱਧਦੀਆਂ ਕੀਮਤਾਂ, ਪੈਟਰੋਲ ਤੇ ਡੀਜ਼ਲ ਦੇ ਵੱਧਦੇ ਰੇਟਾਂ ਸਮੇਤ ਖਾਣ ਪੀਣ ਦੀਆਂ ਵਸਤਾਂ ਦੀ ਮਹਿੰਗਾਈ ਨੇ ਆਰਥਿਕ ਤੌਰ ’ਤੇ ਲੋਕਾਂ ਦਾ ਕਚੂੰਮਰ ਕੱਢ ਦਿੱਤਾ ਹੈ ਤੇ ਸਰਕਾਰ ਨੂੰ ਮਨਰੇਗਾ ਸਕੀਮ ਯਕੀਨੀ ਤੌਰ ’ਤੇ ਚਾਲੂ ਰੱਖਣੀ ਚਾਹੀਦੀ ਹੈ।