ਪਾਲ ਸਿੰਘ ਨੌਲੀ
ਜਲੰਧਰ, 12 ਮਾਰਚ
ਮਨਰੇਗਾ ਮਜ਼ਦੂਰਾਂ ਨੂੰ ਆਪਣੇ ਘਰਾਂ ਵਿੱਚ ਚੁੱਲ੍ਹੇ ਬਲਦੇ ਰੱਖਣ ਦੇ ਲਾਲੇ ਪਏ ਹੋਏ ਹਨ। ਪੰਜਾਬ ਸਰਕਾਰ ਦੇ ਪੇਂਡੂ ਵਿਕਾਸ ਅਤੇ ਪੰਚਾਇਤੀ ਵਿਭਾਗ ਵੱਲੋਂ 11 ਮਾਰਚ ਨੂੰ ਮਨਰੇਗਾ ਵਰਕਰਾਂ ਨੂੰ ਰੋਜ਼ੀ ਰੋਟੀ ਦੇ ਮੌਕੇ ਮੁਹੱਈਆ ਕਰਵਾਉਣ ਲਈ ਕੌਮਾਂਤਰੀ ਇਸਤਰੀ ਦਿਵਸ ਮਨਾਉਣ ਦਾ ਸੱਦਾ ਦਿੱਤਾ ਹੋਇਆ ਸੀ। ਇਸਤਰੀ ਆਗੂ ਅਨੀਤਾ ਸੰਧੂ ਨੇ ਕਿਹਾ ਕਿ ਦੋ ਬਲਾਕਾਂ ਦੇ ਤਿੰਨ ਦਰਜਨ ਪਿੰਡਾਂ ਦੀਆਂ ਔਰਤਾਂ ਨੇ ਮਨਰੇਗਾ ਤਹਿਤ ਕੰਮ ਲੈਣ ਲਈ 28 ਫਰਵਰੀ ਨੂੰ ਮੰਗ ਪੱਤਰ ਦਿੱਤਾ ਸੀ, ਇਸ ’ਤੇ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ। ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਤਰਸੇਮ ਪੀਟਰ ਨੇ ਕਿਹਾ ਕਿ ਮੁੱਖ ਮੰਤਰੀ ਬਣਨ ਜਾ ਰਹੇ ਭਗਵੰਤ ਮਾਨ ਜਿੱਤ ਤੋਂ ਬਾਅਦ ਕਿਹਾ ਕਿ ਪੰਜਾਬ ਸਰਕਾਰ ਹੁਣ ਪਿੰਡਾਂ ਦੀਆਂ ਗਲੀਆਂ ਤੇ ਸ਼ਹਿਰਾਂ ਦੇ ਮੁਹੱਲਿਆਂ ਵਿੱਚੋਂ ਚੱਲਿਆ ਕਰੇਗੀ। ਮਜ਼ਦੂਰਾਂ ਨੂੰ ਇਸ ਘੜੀ ਦੀ ਉਡੀਕ ਰਹੇਗੀ। ਉਨ੍ਹਾਂ ਕਿਹਾ ਕਿ ਜਨਵਰੀ ਦੇ ਪਹਿਲੇ ਹਫ਼ਤੇ ਚੋਣਾਂ ਦਾ ਐਲਾਨ ਹੋਣ ਨਾਲ ਚੋਣ ਜ਼ਾਬਤਾ ਲੱਗ ਗਿਆ ਸੀ। ਇਸ ਕਾਰਨ ਮਜ਼ਦੂਰਾਂ ਨੂੰ ਕੰਮ ਨਹੀਂ ਮਿਲਿਆ ਤੇ ਇਸ ਤੋਂ ਪਹਿਲਾਂ ਪੰਚਾਇਤ ਸਕੱਤਰਾਂ ਦੀ ਹੜਤਾਲ ਕਾਰਨ ਵੀ ਮਨਰੇਗਾ ਦਾ ਕੰਮ ਕਈ ਮਹੀਨੇ ਰੁਕਿਆ ਰਿਹਾ ਸੀ। ਅਨੀਤਾ ਸੰਧੂ ਨੇ ਕਿਹਾ ਕਿ ਰੁਜ਼ਗਾਰ ਦੀ ਭਾਲ ਵਿੱਚ ਮਹਿਤਪੁਰ ਅਤੇ ਨਕੋਦਰ ਬਲਾਕਾਂ ਦੇ ਤਿੰਨ ਦਰਜਨ ਪਿੰਡਾਂ ਦੇ ਮਨਰੇਗਾ ਵਰਕਰਾਂ ਨੇ ਖ਼ੁਦ ਹੀ ਪੇਂਡੂ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਬੀਡੀਪੀਓ ਜੀਨਤ ਖਹਿਰਾ ਨੂੰ 28 ਫਰਵਰੀ ਦਾ ਮੰਗ ਪੱਤਰ ਦਿੱਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਮਨਰੇਗਾ ਮਜ਼ਦੂਰ ਔਰਤਾਂ ਨੂੰ ਨਾ ਤਾਂ ਕੰਮ ਮਿਲਿਆ ਨਾ ਹੀ ਬੇਰੁਜ਼ਗਾਰੀ ਭੱਤਾ। ਇਸਤਰੀ ਆਗੂ ਅਨੀਤਾ ਸੰਧੂ ਨੇ ਮੰਗ ਕੀਤੀ ਕਿ ਤੁਰੰਤ ਮਨਰੇਗਾ ਵਰਕਰਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਇਆ ਜਾਵੇ।