ਜਲੰਧਰ: ਮਨਰੇਗਾ ਵਰਕਰਾਂ ਨੂੰ ਰੁਜ਼ਗਾਰ ਦੇਣ ਤੋਂ ਕੰਨੀਂ ਕਤਰਾ ਰਹੀ ਤਹਿਸੀਲ ਨਕੋਦਰ ਦੀ ਅਫਸਰਸ਼ਾਹੀ ਵਿਰੁੱਧ ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਕੀਤੇ ਗਏ ਸੰਘਰਸ਼ ਦੇ ਐਲਾਨ ਦੇ ਪਹਿਲੇ ਦਿਨ ਅੱਜ ਬੀਡੀਪੀਓ ਬਲਾਕ ਮਹਿਤਪੁਰ ਦੇ ਪਿੰਡ ਖੁਰਸ਼ੈਦਪੁਰ, ਮੰਡਿਆਲਾ ਅਤੇ ਬੀੜ ਬਾਲੋਕੀ ’ਚ ਅਧਿਕਾਰੀਆਂ ਦੇ ਪੁਤਲੇ ਫੂਕੇ ਗਏ। ਯੂਨੀਅਨ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ ਨੇ ਦੱਸਿਆ ਕਿ ਬਲਾਕ ਨਕੋਦਰ ਅਤੇ ਮਹਿਤਪੁਰ ਦੇ ਵੱਖ-ਵੱਖ ਪਿੰਡਾਂ ਦੇ ਮਨਰੇਗਾ ਵਰਕਰਾਂ ਨੇ ਲਿਖਤੀ ਰੁਜ਼ਗਾਰ ਦੀ ਡਿਮਾਂਡ ਕੀਤੀ ਹੈ ਪਰ ਇਹ ਮਜ਼ਦੂਰ ਮਹੀਨਿਆਂ ਬੱਧੀ ਕੰਮ ਦੀ ਉਡੀਕ ਵਿੱਚ ਹਨ। ਸਰਕਾਰ ਬਣਿਆਂ 50 ਦਿਨ ਪੂਰੇ ਹੋ ਜਾਣ ਦੇ ਬਾਵਜੂਦ ਅਜੇ ਤੱਕ 100 ਦਿਨ ਰੁਜ਼ਗਾਰ ਦੀ ਗਾਰੰਟੀ ਕਾਨੂੰਨ ਹੇਠ ਕੰਮ ਨਹੀਂ ਦਿੱਤਾ ਜਾ ਰਿਹਾ। ਤਰਸੇਮ ਪੀਟਰ ਨੇ ਕਿਹਾ ਕਿ ਅਫਸਰਸ਼ਾਹੀ ਮਨਰੇਗਾ ਵਰਕਰਾਂ ਨੂੰ ਕੰਮ ਦੇਣ ਦੀ ਆਪਣੀ ਸੰਵਿਧਾਨਕ ਜ਼ਿੰਮੇਵਾਰੀ ਤੋਂ ਦੌੜ ਰਹੀ ਹੈ।